ਮਹਾਰਾਸ਼ਟਰ ਪੁਲੀਸ ਨੇ ਸ਼ਿਵ ਸੈਨਾ (ਯੂਬੀਟੀ) ਦੇ ਮੁੱਖ ਪੱਤਰ ‘ਸਾਮਨਾ’ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਕਥਿਤ ਇਤਰਾਜਯੋਗ ਆਰਟੀਕਲ ਲਿਖਣ ਸਬੰਧੀ ਪਾਰਟੀ ਨੇਤਾ ਸੰਜੈ ਰਾਊਤ ਵਿਰੁੱਧ ਦਰਜ ਕੇਸ ਵਿੱਚੋਂ ਦੇਸ਼ਧ੍ਰੋਹ ਦਾ ਦੋਸ਼ ਹਟਾ ਦਿੱਤਾ ਹੈ। ਇੱਕ ਅਧਿਕਾਰੀ ਨੇ ਅੱਜ ਇਹ ਜਾਣਕਾਰੀ ਦਿੱਤੀ। ਸੰਜੈ ਰਾਊਤ ‘ਸਾਮਨਾ’ ਦੇ ਕਾਰਜਕਾਰੀ ਸੰਪਾਦਕ ਹਨ। ਅਧਿਕਾਰੀ ਨੇ ਦੱਸਿਆ ਕਿ ਪੁਲੀਸ ਵੱਲੋਂ ਕਾਨੂੰਨੀ ਰਾਇ ਲੈਣ ਅਤੇ ਸਲਾਹ-ਮਸ਼ਵਰਾ ਕਰਨ ਮਗਰੋਂ ਰਾਊਤ ਖ਼ਿਲਾਫ਼ ਦੇਸ਼ਧ੍ਰੋਹ ਦਾ ਦੋਸ਼ ਹਟਾ ਦਿੱਤਾ ਗਿਆ। ਦੱਸਣਯੋਗ ਹੈ ਕਿ ਯਵਤਮਾਲ ਜ਼ਿਲ੍ਹੇ ਦੀ ਪੁਲੀਸ ਨੇ 11 ਦਸੰਬਰ ਨੂੰ ਸ਼ਿਵ ਸੈਨਾ (ਯੂਬੀਟੀ) ਦੇ ਰਾਜ ਸਭਾ ਮੈਂਬਰ ਰਾਊਤ ਦੇ ‘ਸਾਮਨਾ’ ਵਿੱਚ ਹਫ਼ਤਾਵਾਰੀ ਕਾਲਮ ‘ਰੋਕ-ਠੋਕ’ ਵਿੱਚ ਪ੍ਰਧਾਨ ਮੰਤਰੀ ਮੋਦੀ ਖ਼ਿਲਾਫ਼ ਕਥਿਤ ਟਿੱਪਣੀ ਸਬੰਧੀ ਕੇਸ ਦਰਜ ਕੀਤਾ ਸੀ। ਅਧਿਕਾਰੀ ਨੇ ਦੱਸਿਆ ਕਿ ਮਾਮਲੇ ’ਚ ਹੋਰ ਜਾਂਚ ਕੀਤੀ ਜਾ ਰਹੀ ਹੈ।
