ਇਜ਼ਰਾਇਲੀ ਫ਼ੌਜ ਨੇ ਸੋਮਵਾਰ ਤੜਕੇ ਗਾਜ਼ਾ ਸਿਟੀ ’ਤੇ ਜ਼ੋਰਦਾਰ ਹਵਾਈ ਹਮਲੇ ਕੀਤੇ ਅਤੇ ਉਸ ਦੀ ਘੇਰਾਬੰਦੀ ਕਰਦਿਆਂ ਹਮਾਸ ਸ਼ਾਸਤਿ ਉੱਤਰੀ ਹਿੱਸੇ ਦਾ ਹੋਰ ਇਲਾਕਿਆਂ ਨਾਲੋਂ ਸੰਪਰਕ ਤੋੜ ਦਿੱਤਾ। ਇਸ ਨਾਲ ਗਾਜ਼ਾ ਪੱਟੀ ਦੋ ਹਿੱਸਿਆਂ ਉੱਤਰ ਤੇ ਦੱਖਣ ’ਚ ਵੰਡੀ ਗਈ ਹੈ। ਜੰਗ ਦਾ ਇਕ ਮਹੀਨਾ ਪੂਰਾ ਹੋਣ ’ਤੇ ਫਲਸਤੀਨ ’ਚ ਮੌਤਾਂ ਦਾ ਅੰਕੜਾ 10 ਹਜ਼ਾਰ ਤੋਂ ਪਾਰ ਹੋ ਗਿਆ ਹੈ। ਗਾਜ਼ਾ ’ਚ ਸੰਚਾਰ ਦੇ ਸਾਧਨ ਕਈ ਘੰਟਿਆਂ ਤੱਕ ਠੱਪ ਰਹੇ ਪਰ ਉਨ੍ਹਾਂ ਨੂੰ ਬਾਅਦ ’ਚ ਬਹਾਲ ਕਰ ਦਿੱਤਾ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਇਰਾਨ ਦੇ ਰਾਸ਼ਟਰਪਤੀ ਸਯਦ ਇਬਰਾਹਿਮ ਰਈਸੀ ਨੇ ਅੱਜ ਪੱਛਮੀ ਏਸ਼ੀਆ ਖੇਤਰ ਵਿਚ ‘ਮੁਸ਼ਕਲ ਹਾਲਾਤ’ ਅਤੇ ਇਜ਼ਰਾਈਲ-ਹਮਾਸ ਸੰਘਰਸ਼ ’ਤੇ ਵਿਚਾਰ-ਵਟਾਂਦਰਾ ਕੀਤਾ। ਪ੍ਰਧਾਨ ਮੰਤਰੀ ਦਫ਼ਤਰ (ਪੀਐਮਓ) ਨੇ ਇਕ ਬਿਆਨ ਵਿਚ ਦੱਸਿਆ ਕਿ ਮੋਦੀ ਨੇ ‘ਅਤਿਵਾਦੀ ਘਟਨਾਵਾਂ, ਹਿੰਸਾ ਤੇ ਆਮ ਨਾਗਰਿਕਾਂ ਦੀ ਮੌਤ’ ਉਤੇ ਗਹਿਰੀ ਚਿੰਤਾ ਜ਼ਾਹਿਰ ਕੀਤੀ ਹੈ। ਫੋਨ ’ਤੇ ਹੋਈ ਗੱਲਬਾਤ ਵਿਚ ਮੋਦੀ ਨੇ ਇਜ਼ਰਾਈਲ-ਫਲਸਤੀਨ ਮੁੱਦੇ ਉਤੇ ਭਾਰਤ ਦੇ ਪੁਰਾਣੇ ਰੁਖ ਨੂੰ ਦੁਹਰਾਇਆ। ਦੋਵਾਂ ਆਗੂਆਂ ਨੇ ਤਣਾਅ ਨੂੰ ਹੋਰ ਵਧਣ ਤੋਂ ਰੋਕਣ ਦੀ ਲੋੜ, ਲਗਾਤਾਰ ਮਨੁੱਖੀ ਮਦਦ ਭੇਜਣ ਤੇ ਸ਼ਾਂਤੀ-ਸਥਿਰਤਾ ਦੀ ਜਲਦੀ ਬਹਾਲੀ ਉਤੇ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਨੇ ਐਕਸ ’ਤੇ ਪੋਸਟ ਕਰ ਕੇ ਦੱਸਿਆ ਕਿ ਉਨ੍ਹਾਂ ਦੁਵੱਲੇ ਸਹਿਯੋਗ ਵਿਚ ਹੋਏ ਵਾਧੇ ’ਤੇ ਵੀ ਤਸੱਲੀ ਪ੍ਰਗਟ ਕੀਤੀ। ਜ਼ਿਕਰਯੋਗ ਹੈ ਕਿ ਦੋਵੇਂ ਮੁਲਕ ਸਾਂਝੇ ਤੌਰ ’ਤੇ ਚਾਬਹਾਰ ਬੰਦਰਗਾਹ ਵਿਕਸਤਿ ਕਰ ਰਹੇ ਹਨ। ਗੌਰਤਲਬ ਹੈ ਕਿ ਇਜ਼ਰਾਈਲ-ਹਮਾਸ ਟਕਰਾਅ ਕਾਰਨ ਹਿੰਸਾ ’ਚ ਵਾਧਾ ਹੋਣ ਦੇ ਮੱਦੇਨਜ਼ਰ ਭਾਰਤ ਵੱਲੋਂ ਚੋਟੀ ਦੇ ਖੇਤਰੀ ਆਗੂਆਂ ਨਾਲ ਸੰਵਾਦ ਆਰੰਭਿਆ ਗਿਆ ਹੈ। ਮੋਦੀ ਦੀ ਰਈਸੀ ਨਾਲ ਹੋਈ ਗੱਲਬਾਤ ਵੀ ਇਸੇ ਲੜੀ ਤਹਤਿ ਹੋਈ ਹੈ। ਪਿਛਲੇ ਹਫ਼ਤੇ ਪ੍ਰਧਾਨ ਮੰਤਰੀ ਮੋਦੀ ਨੇ ਵੱਖਰੇ ਤੌਰ ’ਤੇ ਬਰਤਾਨੀਆ ਦੇ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਤੇ ਯੂਏਈ ਦੇ ਰਾਸ਼ਟਰਪਤੀ ਮੁਹੰਮਦ ਬਿਨ ਜ਼ਾਏਦ ਅਲ ਨਾਹਯਨ ਨਾਲ ਵੀ ਗੱਲਬਾਤ ਕੀਤੀ ਸੀ। ਉਨ੍ਹਾਂ ਅਤਿਵਾਦ ਤੇ ਨਾਗਰਿਕਾਂ ਦੀ ਮੌਤ ਉਤੇ ਚਿੰਤਾ ਜ਼ਾਹਿਰ ਕੀਤੀ ਸੀ। ਇਸ ਮੌਕੇ ਰਾਸ਼ਟਰਪਤੀ ਰਈਸੀ ਨੇ ਪੱਛਮੀ ਏਸ਼ੀਆ ਦੀ ਮੌਜੂਦਾ ਸਥਤਿੀ ਬਾਰੇ ਆਪਣਾ ਮੁਲਾਂਕਣ ਸਾਂਝਾ ਕੀਤਾ। ਦੋਵਾਂ ਆਗੂਆਂ ਨੇ ਭਾਰਤ ਤੇ ਇਰਾਨ ਦੇ ਬਹੁਪੱਖੀ ਦੁਵੱਲੇ ਤਾਲਮੇਲ ਦੀ ਵੀ ਸਮੀਖਿਆ ਕੀਤੀ। ਬਿਆਨ ਮੁਤਾਬਕ ਦੋਵੇਂ ਧਿਰਾਂ ਖੇਤਰੀ ਸ਼ਾਂਤੀ, ਸੁਰੱਖਿਆ ਤੇ ਸਥਿਰਤਾ ਵਿਚ ਸਾਂਝੇ ਹਿੱਤਾਂ ਦੇ ਮੱਦੇਨਜ਼ਰ ਲਗਾਤਾਰ ਸੰਪਰਕ ਬਣਾਏ ਰੱਖਣ ਉਤੇ ਸਹਿਮਤ ਹੋਏ। ਇਜ਼ਰਾਇਲੀ ਮੀਡੀਆ ਮੁਤਾਬਕ ਕਿਸੇ ਵੀ ਸਮੇਂ ਫ਼ੌਜ ਸ਼ਹਿਰ ਅੰਦਰ ਦਾਖ਼ਲ ਹੋ ਸਕਦੀ ਹੈ ਅਤੇ ਅਤਿਵਾਦੀਆਂ ਨਾਲ ਆਹਮੋ-ਸਾਹਮਣੇ ਦੀ ਜੰਗ ਹੋਣ ਦੀ ਸੰਭਾਵਨਾ ਹੈ। ਹੁਣ ਦੋਵੇਂ ਪਾਸੇ ਭਾਰੀ ਜਾਨੀ ਨੁਕਸਾਨ ਹੋਣ ਦਾ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਦੱਖਣੀ ਇਲਾਕੇ ’ਚ ਇਕ ਦਿਨ ਪਹਿਲਾਂ ਕੀਤੇ ਗਏ ਹਮਲਿਆਂ ’ਚ ਮਾਰੇ ਗਏ 66 ਲੋਕਾਂ ਦਾ ਫਲਸਤੀਨੀਆਂ ਨੇ ਸਮੂਹਿਕ ਜਨਾਜ਼ਾ ਕੱਢਿਆ ਜਦਕਿ ਇਜ਼ਰਾਈਲ ਨੇ ਆਮ ਨਾਗਰਿਕਾਂ ਨੂੰ ਕਿਹਾ ਸੀ ਕਿ ਉਹ ਉਥੇ ਪਨਾਹ ਲੈਣ ਪਰ ਉਸ ਵੱਲੋਂ ਹੁਣ ਹਰ ਥਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਗਾਜ਼ਾ ਦੇ ਸਿਹਤ ਮੰਤਰਾਲੇ ਮੁਤਾਬਕ ਹੁਣ ਤੱਕ ਜੰਗ ’ਚ 10022 ਫਲਸਤੀਨੀ ਮਾਰੇ ਜਾ ਚੁੱਕੇ ਹਨ ਜਦਕਿ ਉਨ੍ਹਾਂ ਹਲਾਕ ਹੋਏ ਲੜਾਕਿਆਂ ਅਤੇ ਆਮ ਨਾਗਰਿਕਾਂ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਇਜ਼ਰਾਇਲੀ ਫ਼ੌਜ ਨੇ ਕਿਹਾ ਕਿ ਉਨ੍ਹਾਂ ਦੇ ਜੈੱਟਾਂ ਨੇ ਬੀਤੀ ਰਾਤ 450 ਨਿਸ਼ਾਨੇ ਫੁੰਡੇ ਅਤੇ ਜਵਾਨਾਂ ਨੇ ਹਮਾਸ ਦੇ ਇਕ ਕੰਪਲੈਕਸ ’ਤੇ ਕਬਜ਼ਾ ਕਰ ਲਿਆ। ਫ਼ੌਜ ਮੁਤਾਬਕ ਫਲਸਤੀਨੀਆਂ ਦੇ ਦੱਖਣ ਵੱਲ ਜਾਣ ਲਈ ਇਕਪਾਸੜ ਲਾਂਘਾ ਅਜੇ ਵੀ ਖੁੱਲ੍ਹਾ ਹੈ। ਉਧਰ ਟਕਰਾਅ ਦਾ ਘੇਰਾ ਲਗਾਤਾਰ ਵਧਦਾ ਜਾ ਰਿਹਾ ਹੈ। ਇਕ ਫਲਸਤੀਨੀ ਵਿਅਕਤੀ ਨੇ ਪੂਰਬੀ ਯੇਰੂਸ਼ਲੱਮ ’ਚ ਇਜ਼ਰਾਇਲੀ ਸਰਹੱਦੀ ਪੁਲੀਸ ਦੇ ਦੋ ਮੈਂਬਰਾਂ ਨੂੰ ਚਾਕੂ ਮਾਰ ਕੇ ਜ਼ਖ਼ਮੀ ਕਰ ਦਿੱਤਾ। ਬਾਅਦ ’ਚ ਇਸ ਵਿਅਕਤੀ ਨੂੰ ਮਾਰ ਦਿੱਤਾ ਗਿਆ। ਦੱਖਣੀ ਲਬਿਨਾਨ ’ਚ ਇਕ ਵਾਹਨ ’ਤੇ ਹਵਾਈ ਹਮਲੇ ’ਚ ਚਾਰ ਆਮ ਨਾਗਰਿਕ ਮਾਰੇ ਗਏ ਜਿਨ੍ਹਾਂ ’ਚ ਤਿੰਨ ਬੱਚੇ ਸ਼ਾਮਲ ਹਨ। ਇਜ਼ਰਾਇਲੀ ਫ਼ੌਜ ਨੇ ਕਿਹਾ ਕਿ ਉਹ ਹਮਲੇ ਦੀ ਸਮੀਖਿਆ ਕਰ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਹਮਾਸ ਦੇ ਸੀਨੀਅਰ ਦਹਿਸ਼ਤਗਰਦ ਜਮਾਲ ਮੂਸਾ ਨੂੰ ਮਾਰ ਦਿੱਤਾ ਗਿਆ ਹੈ ਜਿਸ ਨੇ 1993 ’ਚ ਗਾਜ਼ਾ ’ਚ ਇਜ਼ਰਾਇਲੀ ਫ਼ੌਜੀਆਂ ’ਤੇ ਗੋਲੀਬਾਰੀ ਕੀਤੀ ਸੀ। ਇਸ ਦੌਰਾਨ ਉੱਤਰੀ ਗਾਜ਼ਾ ’ਚ ਜਾਰਡਨ ਦੇ ਮਾਲਵਾਹਕ ਫ਼ੌਜੀ ਜਹਾਜ਼ ਨੇ ਇਕ ਹਸਪਤਾਲ ’ਚ ਮੈਡੀਕਲ ਸਹਾਇਤਾ ਸੁੱਟੀ। ਮੰਨਿਆ ਜਾ ਰਿਹਾ ਹੈ ਕਿ ਇੰਜ ਮੈਡੀਕਲ ਸਹਾਇਤਾ ਪਹੁੰਚਾਉਣ ਦਾ ਇਹ ਪਹਿਲਾ ਮਾਮਲਾ ਹੈ। ਉਂਜ ਹੁਣ ਤੱਕ ਮਿਸਰ ਦੇ ਰਾਫ਼ਾਹ ਲਾਂਘੇ ਰਾਹੀਂ 450 ਤੋਂ ਵੱਧ ਟਰੱਕ ਰਾਹਤ ਸਮੱਗਰੀ ਲੈ ਕੇ ਗਾਜ਼ਾ ਪਹੁੰਚ ਚੁੱਕੇ ਹਨ। ਉੱਤਰੀ ਗਾਜ਼ਾ ’ਚ ਪਾਣੀ ਦੀ ਭਾਰੀ ਕਮੀ ਹੋ ਗਈ ਹੈ ਕਿਉਂਕਿ ਮਿਊਂਸਿਪਲ ਦੇ ਖੂਹਾਂ ਤੋਂ ਪਾਣੀ ਕੱਢਣ ਲਈ ਈਂਧਣ ਨਹੀਂ ਹੈ ਅਤੇ ਇਜ਼ਰਾਈਲ ਨੇ ਖ਼ਿੱਤੇ ਦੀ ਮੁੱਖ ਲਾਈਨ ਬੰਦ ਕਰ ਦਿੱਤੀ ਹੈ। ਮਾਨਵੀ ਮਾਮਲਿਆਂ ਬਾਰੇ ਸੰਯੁਕਤ ਰਾਸ਼ਟਰ ਦੇ ਦਫ਼ਤਰ ਨੇ ਕਿਹਾ ਕਿ ਗਾਜ਼ਾ ’ਚ ਪਿਛਲੇ ਦੋ ਦਿਨਾਂ ਦੌਰਾਨ ਪਾਣੀ ਵਾਲੇ ਸੱਤ ਕੇਂਦਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਭਾਰੀ ਨੁਕਸਾਨ ਹੋਇਆ ਹੈ ਜਿਸ ਕਾਰਨ ਸੜਕਾਂ ’ਤੇ ਹੜ ਵਰਗੇ ਹਾਲਾਤ ਬਣ ਸਕਦੇ ਹਨ। ਇਜ਼ਰਾਈਲ ਨੇ ਕੇਂਦਰੀ ਅਤੇ ਦੱਖਣੀ ਗਾਜ਼ਾ ’ਚ ਪਾਣੀ ਦੀਆਂ ਦੋ ਪਾਈਪਲਾਈਨਾਂ ਬਹਾਲ ਕਰ ਦਿੱਤੀਆਂ ਹਨ।