ਮੁਹਾਲੀ 13 ਦਸੰਬਰ –
ਦਸਮੇਸ਼ ਗੁਰਮਤਿ ਵਿਦਿਆਲਾ ਟਾਰਨੇਟ, ਮੈਲਬੌਰਨ, ਆਸਟਰੇਲੀਆ ਦੇ ਗੱਤਕਾ ਖਿਡਾਰੀਆਂ ਨੇ ਅੰਤਰਰਾਸ਼ਟਰੀ ਗੱਤਕਾ ਕੋਚ ਡਾ. ਸੁਭਕਰਨ ਸਿੰਘ, ਡਾਇਰੈਕਟਰ, ਕੋਚਿੰਗ ਡਾਇਰੈਕਟੋਰੇਟ, ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ ਦੀ ਅਗਵਾਈ ਹੇਠ ਗੁਦੁਆਰਾ ਦਸਮੇਸ਼ ਦਰਬਾਰ, ਟਾਰਨੇਟ, ਮੈਲਬੌਰਨ ਵਿਖੇ ਸਿੱਖ ਸ਼ਸ਼ਤਰ ਵਿੱਦਿਆ ਅਤੇ ਗੱਤਕਾ ਖੇਡ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਮੌਕੇ ਗੱਤਕਾ ਕੌਂਸਲ ਆਫ ਆਸਟਰੇਲੀਆ ਦੇ ਮੈਂਬਰ ਵੀ ਪੁੱਜੇ ਹੋਏ ਸਨ।
ਉਚੇਚੇ ਤੌਰ ਤੇ ਆਸਟਰੇਲੀਆ ਪੁੱਜੇ ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਅੰਤਰਰਾਸ਼ਟਰੀ ਮਾਮਲੇ ਡਾਇਰੈਕਟੋਰੇਟ ਦੇ ਚੇਅਰਮੈਨ ਅਤੇ ਪੰਜਾਬ ਦੇ ਪ੍ਰਸਿੱਧ ਸਮਾਜ ਸੇਵੀ ਸ. ਫੂਲ ਰਾਜ ਸਿੰਘ, ਸਟੇਟ ਐਵਾਰਡੀ, ਨੇ ਸੰਬੋਧਨ ਕਰਦਿਆਂ ਕਿਹਾ ਕਿ ਗੱਤਕਾ ਖੇਡ ਕੌਮ ਦਾ ਵਿਰਾਸਤੀ ਖਜਾਨਾ ਹੈ ਅਤੇ ਹਰ ਮੁਲਕ ਵਿੱਚ ਵਸਦੇ ਸਿੱਖ ਆਪਣੇ ਬੱਚਿਆਂ ਨੂੰ ਗੱਤਕਾ ਸਿੱਖਣ ਲਈ ਉਤਸ਼ਾਹਿਤ ਕਰਨ। ਉਨ੍ਹਾਂ ਦੱਸਿਆ ਕਿ ਮਾਰਸ਼ਲ ਆਰਟ ਗੱਤਕੇ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਪ੍ਰਫੁੱਲਤ ਕਰਦੇ ਹੋਏ ਹਰਮਨ ਪਿਆਰਾ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਵਿਸ਼ਵ ਗੱਤਕਾ ਫੈਡਰੇਸ਼ਨ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਅਤੇ ਜਨਰਲ ਸਕੱਤਰ ਡਾ: ਦੀਪ ਸਿੰਘ ਦੀ ਅਗਵਾਈ ਹੇਠ ਗੱਤਕੇ ਨੂੰ ਵਿਸ਼ਵ ਭਰ ਵਿੱਚ ਇੱਕ ਮਾਨਤਾ ਪ੍ਰਾਪਤ ਖੇਡ ਦਾ ਦਰਜਾ ਦਿਵਾਉਣ ਲਈ ਯਤਨ ਜਾਰੀ ਹਨ।
ਮੁਹਾਲੀ ਨਗਰ ਨਿਗਮ ਦੇ ਸਾਬਕਾ ਕੌਂਸਲਰ ਸ. ਫੂਲ ਰਾਜ ਸਿੰਘ ਨੇ ਦੱਸਿਆ ਕਿ ਆਸਟਰੇਲੀਆ ਵਿੱਚ ਗੱਤਕਾ ਖੇਡ ਨੂੰ ਵਧੇਰੇ ਪ੍ਰਫੁੱਲਤ ਕਰਨ ਲਈ ਸਾਰੇ ਸਟੇਟਾਂ ਵਿੱਚ ਗੱਤਕਾ ਐਸੋਸੀਏਸ਼ਨਾਂ ਦਾ ਗਠਨ ਕੀਤਾ ਜਾਵੇਗਾ।
ਇਸ ਮੌਕੇ ਗੱਤਕਾ ਕੌਂਸਲ ਆਫ ਆਸਟਰੇਲੀਆ ਦੇ ਹਰਜੀਤ ਸਿੰਘ, ਪ੍ਰਧਾਨ, ਪ੍ਰੀਤਮ ਸਿੰਘ, ਸਕੱਤਰ, ਅੰਮ੍ਰਿਤਪਾਲ ਸਿੰਘ, ਮੀਤ ਪ੍ਰਧਾਨ, ਗੁਰਸ਼ਰਨ ਸਿੰਘ, ਖਜ਼ਾਨਚੀ, ਮਨਪ੍ਰੀਤ ਸਿੰਘ ਤੇ ਜਗਜੀਤ ਸਿੰਘ, ਮੀਡੀਆ ਬੁਲਾਰੇ, ਡਾ. ਭੁਪਿੰਦਰਪਾਲ ਸਿੰਘ ਮੀਰੀ ਪੀਰੀ, ਹਰਨਾਮ ਸਿੰਘ ਤੇ ਅਮਨਜੋਤ ਸਿੰਘ, ਸਲਾਹਕਾਰ, ਹਰਮਨ ਦੀਪ ਸਿੰਘ ਤੇ ਰਾਜਾ ਗੁਰਬੀਰ ਸਿੰਘ ਸਿੰਘ ਵੀ ਹਾਜ਼ਰ ਸਨ।