ਚੰਡੀਗੜ/ਫਿਰੋਜ਼ਪੁਰ
ਕੇਂਦਰ ਸਰਕਾਰ ਕਿਸਾਨਾਂ ਦੇ ਅੰਦੋਲਨ ਨੂੰ ਦਬਾਉਣ ਲਈ ਹਰ ਤਰਾਂ ਦੇ ਹੱਥਕੰਢੇ ਅਪਣਾ ਰਹੀ ਹੈ, ਬੀਤੇ ਦਿਨੀਂ ਆੜਤੀਆ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਵਿਜੈ ਕਾਲੜਾ ਦੇ ਘਰ ਕੇਂਦਰ ਸਰਕਾਰ ਦੀ ਸਹਿ ਤੇ ਕੀਤੀ ਗਈ ਇਨਕਮ ਟੈਕਸ ਦੀ ਰੇਡ ਪੂਰੀ ਤਰਾਂ ਨਾਲ ਬਦਲੇ ਦੀ ਭਾਵਨਾ ਹੈ।
ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਮੱਖੂ ਸਥਿਤ ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਵਿਜੈ ਕਾਲੜਾ ਦੇ ਘਰ ਪਹੰੁਚਣ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਇਹ ਗੱਲ ਕਹੀ। ਉਨਾਂ ਨੇ ਕਿਹਾ ਕਿ ਕੱਲ ਤੋਂ ਲਗਾਤਾਰ ਪੰਜਾਬ ਦੇ ਆੜਤੀਆਂ ਦੇ ਉੱਤੇ ਇਨਕਮ ਟੈਕਸ ਦੇ ਰੇਡ ਹੋ ਰਹੇ ਹਨ। ਉਨਾਂ ਕਿਹਾ ਕਿ ਆੜਤੀਆਂ ਅਤੇ ਕਿਸਾਨਾਂ ਦਾ ਨਹੂੰ ਮਾਸ ਦਾ ਰਿਸ਼ਤਾ ਹੈ ਅਤੇ ਬਹੁਤ ਲੰਮੇਂ ਸਮੇਂ ਤੋਂ ਦੋਨੋਂ ਵਰਗਾਂ ਨੇ ਆਪਸ ਵਿੱਚ ਮਿਲ ਕੇ ਵਪਾਰ ਹੀ ਨਹੀਂ ਹਰ ਦੁੱਖ ਸੁੱਖ ਦੀ ਘੜੀ ਵਿੱਚ ਇਕ-ਦੂਜੇ ਦਾ ਸਾਥ ਦਿੱਤਾ ਹੈ। ਉਨਾਂ ਨੇ ਕਿਹਾ ਕਿ ਪੰਜਾਬ ਦੇ ਕਿਸਾਨ, ਮਜ਼ਦੂਰ, ਦੁਕਾਨਦਾਰ ਸਾਰਿਆਂ ਵੱਲੋਂ ਇਕ ਪਰਿਵਾਰ ਦੇ ਰੂਪ ਵਿੱਚ ਕੰਮ ਕੀਤਾ ਜਾਂਦਾ ਹੈ। ਪਿਛਲੇ ਦਿਨਾਂ ਤੋਂ ਇਹ ਦੇਖਣ ਵਿੱਚ ਆਇਆ ਹੈ ਕਿ ਕੇਂਦਰ ਸਰਕਾਰ ਦੇ ਅਧੀਨ ਸੀ.ਆਰ.ਪੀ.ਐਫ ਦੇ ਜਵਾਨਾਂ ਦੀਆਂ ਦੋ ਬੱਸਾਂ ਭਰ ਕੇ ਇਨਕਮ ਟੈਕਸ ਦੀ ਟੀਮ ਨੇ ਆੜਤੀਆਂ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਵਿਜੈ ਕਾਲੜਾ ਦੇ ਘਰ ਰੇਡ ਕੀਤਾ। ਕੱਲ ਸਵੇਰੇ ਪਟਿਆਲਾ ਵਿਖੇ ਉਥੋਂ ਦੇ ਜ਼ਿਲਾ ਪ੍ਰਧਾਨ ਰਜਿੰਦਰ ਰਾਣਾ ਦੇ ਘਰ ਵੀ ਸੀ.ਆਰ.ਪੀ.ਐਫ ਨਾਲ ਮਿਲ ਕੇ ਇਨਕਮ ਟੈਕਸ ਨੇ ਰੇਡ ਕੀਤੀ ਅਤੇ ਨਾਲ ਹੀ ਸਮਾਣਾ ਵਿਖੇ ਵੀ ਆੜਤੀਆਂ ਐਸੋਸੀਏਸ਼ਨ ਦੇ ਪ੍ਰਧਾਨ ਪਵਨ ਬਾਂਸਲ ਦੇ ਘਰ ਵਿੱਚ ਜਾ ਕੇ ਰੇਡ ਕੀਤੀ ਗਈ ਅਤੇ ਇਸੇ ਤਰਾਂ ਨਵਾਂ ਸ਼ਹਿਰ ਵਿਖੇ ਵੀ ਐਸੋਸੀਏਸ਼ਨ ਦੇ ਪ੍ਰਧਾਨ ਬਿੱਟੂ ਜੀ ਦੇ ਘਰ ਰੇਡ ਕੀਤੀ ਗਈ, ਜੋ ਕਿ ਕਿਸਾਨ ਅੰਦੋਲਨ ਨੂੰ ਦਬਾਉਣ ਲਈ ਬਦਲੇ ਦੀ ਭਾਵਨਾ ਹੀ ਹੈ।
ਉਨਾਂ ਨੇ ਕਿਹਾ ਕਿ ਪੰਜਾਬ ਦੇ ਕਿਸਾਨ, ਆੜਤੀਆਂ ਅਤੇ ਮਜ਼ਦੂਰ ਸਾਰੇ ਕਿਸਾਨ ਭਰਾਵਾਂ ਨਾਲ ਡਟ ਕੇ ਖੜੇ ਹਨ, ਖੜੇ ਰਹਿਣਗੇ ਅਤੇ ਮਰਦੇ ਦਮ ਤੱਕ ਇਕੱਠੇ ਹੋ ਕੇ ਆਪਣੇ ਹੱਕਾਂ ਲਈ ਲੜਾਈ ਲੜਨਗੇ। ਉਨਾਂ ਕਿਹਾ ਕਿ ਪੰਜਾਬ ਦੇ ਹਰੇਕ ਘਰ ਦੇ ਮੈਂਬਰ ਵੱਲੋਂ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਪੰਜਾਬ ਅਤੇ ਦੇਸ਼ ਲਈ ਕੁਰਬਾਨੀ ਕੀਤੀ ਹੈ, ਜਿਸ ਵਿੱਚ ਚਾਹੇ ਦੇਸ਼ ਦੀ ਆਜ਼ਾਦੀ ਹੋਵੇ, ਅੱਤਵਾਦ ਦਾ ਸਮਾਂ ਹੋਵੇ ਕਦੇ ਵੀ ਪੰਜਾਬੀ ਪਿੱਛੇ ਨਹੀਂ ਹਟੇ ਹਨ। ਉਨਾਂ ਨੇ ਸਮੂਹ ਕਿਸਾਨ ਭਰਾਵਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਕਿਸੇ ਵੀ ਤਰਾਂ ਨਾਲ ਘਬਰਾਉਣ ਦੀ ਲੋੜ ਨਹੀਂ ਹੈ ਅਤੇ ਹਰ ਹਾਲਤ ਦੇ ਵਿੱਚ ਇਹ ਕਾਲੇ ਕਾਨੂੰਨਾਂ ਨੂੰ ਰੱਦ ਕਰਕੇ ਹੀ ਹਟਣਗੇ।

