ਰਾਸੀ ਵੈਨ ਡਰ ਡੂਸੈਨ ਦੇ ਨਾਬਾਦ ਅਰਧ-ਸੈਂਕੜੇ ਅਤੇ ਕੁਇੰਟਨ ਡੀ ਕਾਕ ਤੇ ਤੈਂਬਾ ਬਾਵੁਮਾ ਦੀ ਓਪਨਿੰਗ ਜੋੜੀ ਦੀ 64 ਦੌੜਾਂ ਦੀ ਭਾਈਵਾਲੀ ਸਦਕਾ ਦੱਖਣੀ ਅਫਰੀਕਾ ਨੇ ਅੱਜ ਇੱਥੇ ਕ੍ਰਿਕਟ ਵਿਸ਼ਵ ਕੱਪ ਦੇ ਆਖਰੀ ਲੀਗ ਮੈਚ ਵਿੱਚ ਅਫਗਾਨਿਸਤਾਨ ਨੂੰ ਪੰਜ ਵਿਕਟਾਂ ਨਾਲ ਹਰਾ ਦਿੱਤਾ।
ਇਸ ਦੌਰਾਨ ਅਫਗਾਨਿਸਤਾਨ ਦੇ ਬੱਲੇਬਾਜ਼ ਅਜ਼ਮਤੁੱਲ੍ਹਾ ਉਮਰਜ਼ਈ ਵੱਲੋਂ ਖੇਡੀ ਗਈ 97 ਦੌੜਾਂ ਦੀ ਨਾਬਾਦ ਪਾਰੀ ਵੀ ਅਫਗਾਨਿਸਤਾਨੀ ਟੀਮ ਦੇ ਕੰਮ ਨਾ ਆਈ। ਅਫਗਾਨਿਸਤਾਨ ਵੱਲੋਂ ਦਿੱਤੇ ਗਏ 245 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਦੱਖਣੀ ਅਫਰੀਕਾ ਨੇ ਇਹ ਟੀਚਾ 47.3 ਓਵਰਾਂ ਵਿੱਚ ਸਰ ਕਰ ਲਿਆ। ਦੱਖਣੀ ਅਫਰੀਕਾ ਪਹਿਲਾਂ ਹੀ ਸੈਮੀ ਫਾਈਨਲ ਲਈ ਕੁਆਲੀਫਾਈ ਕਰ ਚੁੱਕਾ ਹੈ। ਹੁਣ ਇਸ ਟੀਮ ਦੇ 14 ਪੁਆਇੰਟ ਹਨ ਤੇ ਇਹ ਲਗਾਤਾਰ ਭਾਰਤ ਦੇ ਪਿੱਛੇ ਕਾਇਮ ਹੈ। ਭਾਰਤ ਦੇ ਇਸ ਵੇਲੇ 16 ਪੁਆਇੰਟ ਹਨ। ਦੱਖਣੀ ਅਫਰੀਕਾ ਵੱਲੋਂ ਡੀ ਕਾਕ ਨੇ 41 ਦੌੜਾਂ ਅਤੇ ਬਾਵੁਮਾ ਨੇ 23 ਦੌੜਾਂ ਦੀ ਪਾਰੀ ਖੇਡਦਿਆਂ ਸ਼ੁਰੂ ਵਿੱਚ ਹੀ ਟੀਮ ਦੀ ਸਥਤਿੀ ਮਜ਼ਬੂਤ ਕਰ ਦਿੱਤੀ। ਉਪਰੰਤ ਵੈਨ ਡਰ ਡੂਸੈਨ ਨੇ 95 ਗੇਂਦਾਂ ’ਤੇ 76 ਦੌੜਾਂ ਦੀ ਪਾਰੀ ਖੇਡਦਿਆਂ ਟੀਮ ਨੂੰ ਜਿੱਤ ਦੀ ਰਾਹ ਦਿਖਾਈ।
ਇਸ ਤੋਂ ਪਹਿਲਾਂ ਹਰਫਨਮੌਲਾ ਅਜ਼ਮਤੁੱਲ੍ਹਾ ਉਮਰਜ਼ਈ ਦੀਆਂ ਨਾਬਾਦ 97 ਦੌੜਾਂ ਦੀ ਪਾਰੀ ਸਦਕਾ ਅਫਗਾਨਿਸਤਾਨ ਦੀ ਟੀਮ 244 ਦੌੜਾਂ ਬਣਾਉਣ ਵਿੱਚ ਸਫਲ ਰਹੀ। ਅਫਗਾਨਿਸਤਾਨ ਦੀ ਟੀਮ ਪੂਰੇ 50 ਓਵਰਾਂ ਵਿੱਚ ਆਊਟ ਹੋਈ। ਉਮਰਜ਼ਈ ਨੇ ਟੂਰਨਾਮੈਂਟ ਵਿੱਚ ਵਧੀਆ ਲੈਅ ਬਰਕਰਾਰ ਰੱਖਦੇ ਹੋਏ 107 ਗੇਂਦਾਂ ’ਤੇ ਸੱਤ ਚੌਕੇ ਤੇ ਤਿੰਨ ਛੱਕੇ ਮਾਰਦਿਆਂ 97 ਦੌੜਾਂ ਬਣਾਈਆਂ, ਹਾਲਾਂਕਿ ਉਹ ਆਪਣਾ ਪਹਿਲਾ ਇਕ ਰੋਜ਼ਾ ਸੈਂਕੜਾ ਲਾਉਣ ਤੋਂ ਖੁੰਝ ਗਿਆ ਤੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਆਖਰੀ ਓਵਰ ਦੀਆਂ ਆਖਰੀ ਤਿੰਨ ਗੇਂਦਾਂ ’ਤੇ ਕੈਗਿਸੋ ਰਬਾਡਾ ਖ਼ਿਲਾਫ਼ ਕੋਈ ਦੌੜ ਨਹੀਂ ਬਣਾ ਸਕਿਆ। ਦੱਖਣੀ ਅਫਰੀਕਾ ਲਈ ਸਭ ਤੋਂ ਸਫਲ ਗੇਂਦਬਾਜ਼ ਜੈਰਾਲਡ ਕੋਏਤਜ਼ੀ ਰਿਹਾ ਜਿਸ ਨੇ 10 ਓਵਰਾਂ ਵਿੱਚ ਇਕ ਮੇਡਨ ਨਾਲ 44 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ। ਅਫਗਾਨਿਸਤਾਨ ਦੇ ਕਪਤਾਨ ਹਸ਼ਮਤੁੱਲ੍ਹਾ ਸ਼ਾਹਿਦੀ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ। ਟੀਮ ਨੇ ਚੰਗੀ ਸ਼ੁਰੂਆਤ ਕੀਤੀ ਪਰ ਪਹਿਲਾਂ ਹੀ ਸੈਮੀਫਾਈਨਲ ’ਚ ਪਹੁੰਚ ਚੁੱਕੀ ਦੱਖਣੀ ਅਫਰੀਕਾ ਦੀ ਟੀਮ ਨੇ ਚਾਰ ਦੌੜਾਂ ਦੇ ਅੰਦਰ ਤਿੰਨ ਵਿਕਟਾਂ ਲੈ ਕੇ 11ਵੇਂ ਓਵਰ ਵਿੱਚ ਵਿਰੋਧੀ ਟੀਮ ਦਾ ਸਕੋਰ ਤਿੰਨ ਵਿਕਟਾਂ ’ਤੇ 45 ਦੌੜਾਂ ਕਰ ਦਿੱਤਾ। ਬਾਅਦ ਵਿੱਚ ਰਹਿਮਤੁੱਲ੍ਹਾ ਗੁਰਬਾਜ਼, ਉਮਰਜ਼ਈ ਤੇ ਰਾਸ਼ਿਦ ਨੇ ਪਾਰੀ ਸੰਭਾਲੀ ਅਤੇ ਟੀਮ ਨੂੰ 244 ਦੌੜਾਂ ਦੇ ਸਕੋਰ ਤੱਕ ਪਹੁੰਚਾਇਆ।