ਪਟਿਆਲਾ, 24 ਸਤੰਬਰ:
ਭਾਰਤ ਸਰਕਾਰ ਵੱਲੋਂ ਚਲਾਈ ਜਾ ਰਹੀ “ਸਵੱਛਤਾ ਹੀ ਸੇਵਾ” ਮੁਹਿੰਮ ਤਹਿਤ ਨਗਰ ਨਿਗਮ ਕਮਿਸ਼ਨਰ ਡਾ. ਰਜਤ ਓਬਰਾਏ ਦੀ ਅਗਵਾਈ ਹੇਠ ਨਗਰ ਨਿਗਮ ਵੱਲੋਂ ਸਰਕਾਰੀ ਸਟੇਟ ਕਾਲਜ ਆਫ਼ ਐਜੂਕੇਸ਼ਨ ਦੇ 50 ਵਿਦਿਆਰਥੀਆਂ ਨੂੰ ਜਾਗਰੂਕਤਾ ਦੌਰਾ ਕਰਵਾਇਆ ਗਿਆ ਅਤੇ ਗਿੱਲੇ ਕੂੜੇ ਤੋਂ ਬਣਾਈ ਗਈ ਜੈਵਿਕ ਖਾਦ ਵੰਡੀ ਗਈ।
ਇਸ ਮੌਕੇ ਨਗਰ ਨਿਗਮ ਪਟਿਆਲਾ ਦੇ ਸਕੱਤਰ ਹੈਲਥ ਸੁਨੀਲ ਕੁਮਾਰ ਮਹਿਤਾ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਇਸ ਵਿੱਚ ਵਿਦਿਆਰਥੀਆਂ ਨੂੰ ਕਬਾੜ ਸਮਝੀਆਂ ਜਾਂਦੀਆਂ ਵਸਤਾਂ ਜਿਵੇਂ ਕਿ ਲੱਕੜ, ਗੱਤਾ, ਪਲਾਸਟਿਕ ਆਦਿ ਤੋਂ ਕਿਵੇਂ ਨਵੀਂਆਂ ਅਤੇ ਉਪਯੋਗੀ ਵਸਤਾਂ ਜਿਵੇਂ ਕਿ ਕੁਰਸੀਆਂ, ਮੇਜ਼, ਗੁਲਦਸਤੇ ਅਤੇ ਹੋਰ ਸਜਾਵਟੀ ਵਸਤਾਂ ਬਣਾਈਆਂ ਜਾ ਸਕਦੀਆਂ ਹਨ ਸਬੰਧੀ ਜਾਣਕਾਰੀ ਦਿੱਤੀ।
ਇਸ ਤੋਂ ਇਲਾਵਾ ਹੈਲਥ ਅਫ਼ਸਰ ਨਵਇੰਦਰ ਸਿੰਘ ਵੱਲੋਂ ਦੱਸਿਆ ਗਿਆ ਕਿ ਸ਼ਹਿਰ ਨੂੰ ਸਾਫ਼ ਅਤੇ ਸੋਹਣਾ ਬਣਾਉਣ ਵਿੱਚ ਸਥਾਨਕ ਨਿਵਾਸੀਆਂ ਦੀ ਮੁੱਖ ਭੂਮਿਕਾ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਦਾ ਮੰਤਵ ਨਾਗਰਿਕਾਂ ਵਿੱਚ ਸਫ਼ਾਈ ਪ੍ਰਤੀ ਜਾਗਰੂਕਤਾ ਫੈਲਾਉਣਾ ਅਤੇ ਪਲਾਸਟਿਕ ਦੀ ਵਰਤੋਂ ਨੂੰ ਘਟਾਉਣਾ ਅਤੇ ਪਲਾਸਟਿਕ ਨੂੰ ਰੀਸਾਈਕਲ ਕਰਨਾ ਹੈ। ਇਸ ਲਈ, ਹਰ ਮੁਹੱਲੇ ਵਿੱਚ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ ਅਤੇ ਸਕੂਲਾਂ, ਕਾਲਜਾਂ ਅਤੇ ਬਾਜ਼ਾਰਾਂ ਵਿੱਚ ਵੱਖ-ਵੱਖ ਸਫ਼ਾਈ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਹਨ।
ਇਸ ਤੋਂ ਇਲਾਵਾ ਸਮਾਜਿਕ ਸੰਸਥਾ ਪਾਵਰ ਹਾਊਸ ਯੂਥ ਕਲੱਬ ਦੇ ਜਤਵਿੰਦਰ ਗਰੇਵਾਲ ਨੇ ਵਿਦਿਆਰਥੀਆਂ ਨੂੰ ਡਰੱਗ ਫ਼ਰੀ ਕੰਪੇਨ ਤਹਿਤ ਜਾਗਰੂਕ ਕੀਤਾ।
ਇਸ ਮੌਕੇ ਚ ਸੈਨੇਟਰੀ ਇੰਸਪੈਕਟਰ ਇੰਦਰਜੀਤ ਸਿੰਘ, ਰਿਸ਼ਭ ਗੁਪਤਾ, ਅਮਨਦੀਪ ਸੇਖੋਂ ਆਈ.ਈ.ਸੀ ਐਕਸਪਰਟ, ਪ੍ਰੋਗਰਾਮ ਅਫ਼ਸਰ ਜਵਾਲਾ ਸਿੰਘ, ਪ੍ਰੋਗਰਾਮ ਅਫ਼ਸਰ ਮਨਦੀਪ ਸਿੰਘ, ਪਰਮਿੰਦਰ ਭਲਵਾਨ, ਸਟੇਟ ਕਾਲਜ ਵੱਲੋਂ ਮੈਡਮ ਯੋਗਿਤਾ ਸਰਵਾਲ ਅਤੇ ਮੈਡਮ ਹਰਦੀਪ ਕੌਰ ਮੌਜੂਦ ਸੀ।