ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਵਿਰੁੱਧ ਜੇਲ੍ਹ ਵਿਚ ਚੱਲ ਰਹੀ ਸੁਣਵਾਈ ਉਤੇ ਪਾਕਿਸਤਾਨ ਦੇ ਇਕ ਹਾਈ ਕੋਰਟ ਨੇ ਰੋਕ ਲਾ ਦਿੱਤੀ ਹੈ। ਇਹ ਮਾਮਲਾ ਸਾਈਫਰ ਕੇਸ ਨਾਲ ਸਬੰਧਤ ਹੈ, ਤੇ ਵਿਸ਼ੇਸ਼ ਅਦਾਲਤ ਸਖ਼ਤ ਸੁਰੱਖਿਆ ਵਾਲੀ ਰਾਵਲਪਿੰਡੀ ਜੇਲ੍ਹ ’ਚ ਇਸ ਕੇਸ ਦੀ ਸੁਣਵਾਈ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਪੀਟੀਆਈ ਚੇਅਰਮੈਨ ਇਮਰਾਨ (71) ਇਸ ਵੇਲੇ ਰਾਵਲਪਿੰਡੀ ਦੀ ਜੇਲ੍ਹ ਵਿਚ ਨਿਆਂਇਕ ਹਿਰਾਸਤ ਵਿਚ ਹਨ। ਖਾਨ ਦੇ ਕਰੀਬੀ ਤੇ ਸਾਬਕਾ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ (67) ਵੀ ਇਸੇ ਜੇਲ੍ਹ ਵਿਚ ਹਨ। ਉਨ੍ਹਾਂ ਨੂੰ ਵੀ ਖੁਫ਼ੀਆ ਦਸਤਾਵੇਜ਼ ਲੀਕ ਕਰਨ ਦੇ ਕੇਸ ਵਿਚ ਗ੍ਰਿਫਤਾਰ ਕੀਤਾ ਗਿਆ ਸੀ। ਦੱਸਣਯੋਗ ਹੈ ਕਿ ਇਮਰਾਨ ਨੇ ਜੇਲ੍ਹ ਵਿਚ ਕੀਤੀ ਜਾ ਰਹੀ ਸੁਣਵਾਈ ਨੂੰ ਇਸਲਾਮਾਬਾਦ ਹਾਈ ਕੋਰਟ ਵਿਚ ਚੁਣੌਤੀ ਦਿੱਤੀ ਸੀ, ਜਿਸ ’ਤੇ ਦੋ ਜੱਜਾਂ ਦੇ ਬੈਂਚ ਨੇ ਹੁਣ ਰੋਕ ਲਾ ਦਿੱਤੀ ਹੈ। ਇਸ ਤੋਂ ਪਹਿਲਾਂ ਹਾਈ ਕੋਰਟ ਦੇ ਹੀ ਸਿੰਗਲ-ਮੈਂਬਰ ਬੈਂਚ ਨੇ ਖਾਨ ਦੀ ਜੇਲ੍ਹ ਵਿਚ ਸੁਣਵਾਈ ਨੂੰ ਜਾਇਜ਼ ਕਰਾਰ ਦਿੱਤਾ ਸੀ। ਇਹ ਅਪੀਲ ਸਾਬਕਾ ਪ੍ਰਧਾਨ ਮੰਤਰੀ ਨੇ ਇਸੇ ਹੁਕਮ ਵਿਰੁੱਧ ਦਾਇਰ ਕੀਤੀ ਸੀ।