ਸੁਪਰੀਮ ਕੋਰਟ ਨੇ ਈਡੀ ਦੇ ਡਾਇਰੈਕਟਰ ਸੰਜੈ ਕੁਮਾਰ ਮਿਸ਼ਰਾ ਦਾ ਕਾਰਜਕਾਲ 15 ਸਤੰਬਰ ਤੱਕ ਵਧਾ ਦਿੱਤਾ ਹੈ। ਪਹਿਲਾਂ ਇਹ 31 ਜੁਲਾਈ ਤੱਕ ਸੀ। ਇਸ ਦੇ ਨਾਲ ਅਦਾਲਤ ਨੇ ਸਪਸ਼ਟ ਕਰ ਦਿੱਤਾ ਕਿ 15 ਸਤੰਬਰ ਤੋਂ ਬਾਅਦ ਮਿਸ਼ਰਾ ਦੇ ਕਾਰਜਕਾਲ ਵਿੱਚ ਵਾਧਾ ਨਹੀਂ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਸ੍ਰੀ ਮਿਸ਼ਰਾ ਦਾ ਕਾਰਜਕਾਲ ਵਧਾਉਣ ਦੀ ਸਰਕਾਰ ਦੀ ਅਪੀਲ ’ਤੇ ਸੁਪਰੀਮ ਕੋਰਟ ਨੇ ਪੁੱਛਿਆ ਕੀ ਪੂਰਾ ਵਿਭਾਗ ਅਯੋਗ ਅਧਿਕਾਰੀਆਂ ਨਾਲ ਭਰਿਆ ਹੋਇਆ ਹੈ? ਇਸ ਦੌਰਾਨ ਕੇਂਦਰ ਨੇ ਇਕ ਹੋਰ ਜ਼ੋਰਦਾਰ ਤਰਕ ਦਿੱਤਾ ਕਿ ਕੁੱਝ ਗੁਆਂਢੀ ਦੇਸ਼ਾਂ ਦਾ ਇਰਾਦਾ ਹੈ ਕਿ ਭਾਰਤ ਐੱਫਏਟੀਏ ਦੀ ‘ਸ਼ੱਕੀ ਸੂਚੀ’ ਵਿੱਚ ਆ ਜਾਵੇ। ਇਸ ਲਈ ਈਡੀ ਮੁਖੀ ਦੇ ਅਹੁਦੇ ‘ਤੇ ਨਿਰੰਤਰਤਾ ਜ਼ਰੂਰੀ ਹੈ।ਕੇਂਦਰ ਨੇ ਸੁਪਰੀਮ ਕੋਰਟ ਨੂੰ ਕਿਹਾ ਕਿ ਵਿੱਤੀ ਐਕਸ਼ਨ ਟਾਸਕ ਫੋਰਸ (ਐੱਫਏਟੀਐੱਫ) ਸਮੀਖਿਆ ਦੇ ਮੱਦੇਨਜ਼ਰ ਐਨਫੋਰਸਮੈਂਟ ਡਾਇਰੈਕਟੋਰੇਟ ਦੀ ਅਗਵਾਈ ਵਿੱਚ ਨਿਰੰਤਰਤਾ ਜ਼ਰੂਰੀ ਹੈ।