ਸੰਸਦ ਦੀ ਸੁਰੱਖਿਆ ’ਚ ਸੰਨ੍ਹ ਲਗਾਉਣ ਦੇ ਮਾਮਲੇ ਵਿਚ ਗ੍ਰਿਫਤਾਰ ਕੀਤੇ ਗਏ ਛੇ ਵਿਅਕਤੀ ਭਗਤ ਸਿੰਘ ਅਤੇ ਚੰਦਰਸ਼ੇਖਰ ਆਜ਼ਾਦ ਦੇ ਨਾਮ ਵਾਲੇ ਅੱਧੀ ਦਰਜਨ ਵਟਸਐੱਪ ਗਰੁੱਪਾਂ ਦਾ ਹਿੱਸਾ ਸਨ। ਪੁਲੀਸ ਸੂਤਰਾਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਜਾਂਚ ਨਾਲ ਜੁੜੇ ਸੂਤਰਾਂ ਨੇ ਦੱਸਿਆ ਕਿ ਮੁਲਜ਼ਮ ਅਤੇ ਇਨ੍ਹਾਂ ਸਮੂਹਾਂ ਦੇ ਹੋਰ ਮੈਂਬਰ ਆਜ਼ਾਦੀ ਘੁਲਾਟੀਆਂ ਦੇ ਵਿਚਾਰਾਂ ’ਤੇ ਨਿਯਮਤ ਚਰਚਾ ਕਰਦੇ ਹਨ ਅਤੇ ਸਬੰਧਤ ਵੀਡੀਓ ਕਲਿੱਪਾਂ ਵੀ ਸਾਂਝੀਆਂ ਕਰਦੇ ਸਨ। ਲੋਕ ਸਭਾ ’ਚ 13 ਦਸੰਬਰ ਨੂੰ ਦੋ ਵਿਅਕਤੀ ਸਾਗਰ ਸ਼ਰਮਾ ਅਤੇ ਮਨੋਰੰਜਨ ਡੀ ਨੇ ਸਿਫਰ ਕਾਲ ਦੌਰਾਨ ਦਰਸ਼ਕ ਗੈਲਰੀ ਤੋਂ ਸੰਸਦ ’ਚ ਛਾਲ ਮਾਰ ਦਿੱਤੀ ਸੀ ਅਤੇ ਇਸ ਦੌਰਾਨ ਡੱਬਿਆਂ ’ਚੋਂ ਪੀਲਾ ਧੂੰਆਂ ਛੱਡਿਆ ਅਤੇ ਨਾਅਰੇ ਲਗਾਏ ਸਨ। ਸੂਤਰਾਂ ਨੇ ਦੱਸਿਆ ਕਿ ਪੁਲੀਸ ਨੂੰ ‘ਮੈਟਾ’ ਤੋਂ ਇਨ੍ਹਾਂ ਵੱਟਸਐਪ ਗਰੁੱਪਾਂ ਦੇ ਸਾਰੇ ਮੈਂਬਰਾਂ ਦੇ ਨਾਲ ਨਾਲ ਉਨ੍ਹਾਂ ਦੀ ਚੈਟ ਦੇ ਵੇਰਵੇ ਮਿਲੇ ਹਨ। ਸੂਤਰਾਂ ਮੁਤਾਬਕ ਮੁਲਜ਼ਮ ਸੁਰੱਖਿਆ ’ਚ ਸੰਨ੍ਹ ਲਗਾਉਣ ਲਈ ‘ਸਿਗਨਲ’ ਐਪ ’ਤੇ ਵੀ ਗੱਲ ਕਰਦੇ ਸੀ ਅਤੇ ਪਿਛਲੇ ਸਾਲ ਕਰਨਾਟਕ ਦੇ ਮੈਸੂਰੂ ’ਚ ਮਿਲੇ ਸੀ। ਇਕ ਅਧਿਕਾਰੀ ਨੇ ਕਿਹਾ ਕਿ ਮੈਸੂਰੂ ਦੇ ਰਹਿਣ ਵਾਲੇ ਮਨੋਰੰਜਨ ਨੇ ਪੰਜਾਂ ਜਣਿਆਂ ਦੀ ਯਾਤਰਾ ਦਾ ਖਰਚਾ ਚੁੱਕਿਆ ਸੀ। ਪੁਲੀਸ ਇਨ੍ਹਾਂ ਚਾਰਾਂ ਮੁਲਜ਼ਮਾਂ ਦੇ ਫਰਜ਼ੀ ਸਿਮ ਕਾਰਡ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਜਿਨ੍ਹਾਂ ਦੇ ਮੋਬਾਈਲ ਫੋਨ ਰਾਜਸਥਾਨ ’ਚ ਝਾਅ ਅਤੇ ਕੁਮਾਵਤ ਵੱਲੋਂ ਕਥਿਤ ਤੌਰ ’ਤੇ ਨਸ਼ਟ ਕੀਤੇ ਗਏ ਸਨ।

