ਸਿਰਸਾ, 19 ਜੁਲਾਈ (ਪ੍ਰੈਸ ਕੀ ਤਾਕਤ ਬਿਊਰੋ)
ਘੱਗਰ ਦਾ ਕਹਿਰ ਹਾਲੇ ਬਰਕਰਾਰ ਹੈ ਤੇ ਇਸ ਦੇ ਨਾਲ ਹੁਣ ਰੰਗੋਈ ਨਾਲਾ ਓਵਰਫਲੋਅ ਹੋ ਕੇ ਪਿੰਡ ਸਿਕੰਦਰਪੁਰ ਨੇੜਿਓਂ ਟੁੱਟ ਗਿਆ ਪਰ ਪਿੰਡਾਂ ਦੇ ਲੋਕਾਂ ਨੇ ਇਕੱਠੇ ਹੋ ਕੇ ਇਕ ਵਾਰ ਬੰਨ੍ਹ ਨੂੰ ਪੂਰ ਦਿੱਤਾ ਹੈ। ਟੁੱਟੇ ਬੰਨ੍ਹ ਦਾ ਪਾਣੀ ਨੈਸ਼ਨਲ ਹਾਈ ਵੇਅ ਤੇ ਸਿਰਸਾ ਮੇਜਰ ਨਹਿਰ ਦੇ ਨਾਲ ਲੱਗ ਗਿਆ ਹੈ। ਲੋਕਾਂ ਨੇ ਪ੍ਰਸ਼ਾਸਨ ’ਤੇ ਸਹਿਯੋਗ ਨਾ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਹੈ ਕਿ ਜੇ ਵੇਲੇ ਸਿਰ ਜੇਸੀਬੀ ਮਸ਼ੀਨਾਂ ਤੇ ਮਿੱਟੀ ਦੀਆਂ ਟਰਾਲੀਆਂ ਨਾ ਭੇਜੀਆਂ ਗਈਆਂ ਤਾਂ ਬੰਨ੍ਹ ਦੇ ਮੁੜ ਟੁੱਟਣ ਦਾ ਖਦਸ਼ਾ ਹੈ। ਉਧਰ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਦੱਸਿਆ ਹੈ ਕਿ ਰੰਗੋਈ ਨਾਲੇ ਦੇ ਬੰਨ੍ਹਾਂ ਨੂੰ ਮਜ਼ਬੂਤ ਕਰਨ ਲਈ ਪ੍ਰਸ਼ਾਸਨਿਕ ਅਧਿਕਾਰੀ ਤੇ ਕਰਮਚਾਰੀ ਦਿਨ-ਰਾਤ ਕੰਮ ਕਰ ਰਹੇ ਹਨ। ਡਿਪਟੀ ਕਮਿਸ਼ਨਰ ਪਾਰਥ ਗੁਪਤਾ ਨੇ ਦੱਸਿਆ ਹੈ ਕਿ ਰੰਗੋਈ ਨਾਲੇ ਦੇ ਬੰਨ੍ਹਾਂ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ ਪਰ ਮਗਰੋਂ ਪਾਣੀ ਹੋਰ ਆਉਣ ਕਾਰਨ ਹਾਲੇ ਤੱਕ ਖਤਰਾ ਟਲਿਆ ਨਹੀਂ ਹੈ।