ਵਾਰਾਣਸੀ ਦੀ ਜ਼ਿਲ੍ਹਾ ਅਦਾਲਤ ਨੇ ਸੋਮਵਾਰ ਨੂੰ ਭਾਰਤੀ ਪੁਰਾਤੱਤਵ ਸਰਵੇਖਣ (ਏਐਸਆਈ) ਨੂੰ ਇਥੇ ਸਮਜਿਦ ਦੀ ਵਿਗਿਆਨਕ ਸਰਵੇਖਣ ਰਿਪੋਰਟ ਪੂਰੀ ਕਰਨ ਅਤੇ ਉਸ ਨੂੰ ਪੇਸ਼ ਕਰਨ ਲਈ ਇਕ ਹਫ਼ਤੇ ਦਾ ਹੋਰ ਸਮਾਂ ਦਿੱਤਾ ਹੈ। ਹਿੰਦੂ ਪੱਖ ਦੇ ਵਕੀਲ ਮਦਨ ਮੋਹਨ ਯਾਦਵ ਨੇ ਕਿਹਾ ਕਿ ਮਾਮਲੇ ਦੀ ਸੁਣਵਾਈ ਕਰਦੇ ਹੋਏ ਜ਼ਿਲ੍ਹਾ ਜੱਜ ਏਕੇ ਵਿਸ਼ਵੇਸ਼ ਨੇ ਏਐਸਆਈ ਨੂੰ ਸਰਵੇਖਣ ਪੂਰਾ ਕਰਨ ਅਤੇ ਆਪਣੀ ਰਿਪੋਰਟ ਸੌਂਪਣ ਲਈ ਇਕ ਹਫ਼ਤੇ ਦਾ ਹੋਰ ਸਮਾਂ ਦਿੱਤਾ ਹੈ। ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ ਲਈ 18 ਦਸੰਬਰ ਦੀ ਤਰੀਕ ਤੈਅ ਕੀਤੀ ਹੈ। ਹਿੰਦੂ ਪੱਖ ਦੇ ਵਕੀਲ ਮੋਹਨ ਯਾਦਵ ਨੇ ਕਿਹਾ ਕਿ ਏਐਸਆਈ ਨੇ ਆਪਣੇ ਬਿਨੈ ’ਚ ਆਪਣੇ ਪੁਰਾਤਤਵ ਵਿਭਾਗ ਦੇ ਸੁਪਰਡੈਂਟ ਅਵਿਨਾਸ਼ ਮੋਹੰਤੀ ਦੀ ਖਰਾਬ ਸਿਹਤ ਦਾ ਹਵਾਲਾ ਦਿੰਦਿਆਂ ਅਦਾਲਤ ’ਚ ਪੇਸ਼ ਹੋਣ ਤੋਂ ਅਸਮਰੱਥਾ ਜਤਾਉਂਦਿਆਂ ਰਿਪੋਰਟ ਪੇਸ਼ ਕਰਨ ’ਚ ਹੋਰ ਸਮਾਂ ਦੇਣ ਦੀ ਮੰਗ ਕੀਤੀ ਸੀ। ਇਹ ਛੇਵੀਂ ਵਾਰ ਹੈ ਜਦ ਅਦਾਲਤ ਨੇ ਏਐਸਆਈ ਨੂੰ ਆਪਣੀ ਸਰਵੇਖਣ ਰਿਪੋਰਟ ਦਾਖ਼ਲ ਕਰਨ ਲਈ ਸਮਾਂ ਦਿੱਤਾ ਹੈ।