-ਪਟਿਆਲਾ ਆਰ.ਐਨ.ਜੀ. 100 ਮੀਟ੍ਰਿਕ ਟਨ ਪਰਾਲੀ ਤੋਂ 15 ਮੀਟ੍ਰਿਕ ਟਨ ਕੁਦਰਤੀ ਗੈਸ ਹੋਵੇਗੀ ਪੈਦਾ
-ਪਾਤੜਾਂ ਇਲਾਕੇ ‘ਚ ਪਰਾਲੀ ਨੂੰ ਸੰਭਾਲਣ ਦੀ ਸਮੱਸਿਆ ਦਾ ਹੋਵੇਗਾ ਹੱਲ
-ਬਿਨ੍ਹਾਂ ਅੱਗ ਲਗਾਏ ਪਰਾਲੀ ਦਾ ਨਿਪਟਾਰਾ ਕਰਨ ਦੇ ਢੁਕਵੇਂ ਸਾਧਨ ਮੌਜੂਦ, ਕਿਸਾਨ ਆਪਣੇ ਬੱਚਿਆਂ ਦੇ ਭਵਿੱਖ ਲਈ ਪਰਾਲੀ ਨਾ ਫੂਕਣ-ਸਾਕਸ਼ੀ ਸਾਹਨੀ
ਪਾਤੜਾਂ/ਪਟਿਆਲਾ, 16 ਅਕਤੂਬਰ (ਪ੍ਰੈਸ ਕੀ ਤਾਕਤ ਬਿਊਰੋ)
”ਪਟਿਆਲਾ ਜ਼ਿਲ੍ਹੇ ਦੇ ਕਿਸਾਨਾਂ ਲਈ ਖੁਸ਼ੀ ਦੀ ਖ਼ਬਰ ਹੈ ਕਿ ਪਰਾਲੀ ਤੋਂ ਕੁਦਤਰੀ ਗੈਸ ਬਣਾਉਣ ਦਾ ਜੈਖਰ ਵਿਖੇ ਲੱਗ ਰਿਹਾ ਪਟਿਆਲਾ ਆਰ.ਐਨ.ਜੀ. ਪਲਾਂਟ ਰੋਜ਼ਾਨਾ 100 ਟਨ ਮੀਟ੍ਰਿਕ ਟਨ ਪਰਾਲੀ ਤੋਂ 15 ਮੀਟ੍ਰਿਕ ਟਨ ਕੁਦਰਤੀ ਗੈਸ ਪੈਦਾ ਕਰੇਗਾ।” ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਜੈਖਰ ਵਿਖੇ ਪਟਿਆਲਾ ਆਰ.ਐਨ.ਜੀ. ਪਲਾਂਟ ਦੇ ਅੰਤਿਮ ਪੜਾਅ ‘ਤੇ ਪੁੱਜੇ ਉਸਾਰੀ ਕਾਰਜਾਂ ਦਾ ਜਾਇਜ਼ਾ ਲੈਣ ਮੌਕੇ ਕੀਤਾ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਪਲਾਂਟ ਅਗਲੇ ਇੱਕ-ਦੋ ਮਹੀਨਿਆਂ ਦੇ ਅੰਦਰ-ਅੰਦਰ ਚਾਲੂ ਹੋ ਜਾਵੇਗਾ, ਇਹ ਪਰਾਲੀ ਤੋਂ ਬਹੁਤ ਹੀ ਕਲੀਨ ਤੇ ਗਰੀਨ ਗੈਸ ਦੀ ਪੈਦਾਵਾਰ ਕਰਨ ਦੇ ਸਮਰੱਥ ਹੋਵੇਗਾ। ਇਸ ਨਾਲ ਪਾਤੜਾਂ ਇਲਾਕੇ ਵਿੱਚ ਪਰਾਲੀ ਸਾੜਨ ਦੀ ਸਮੱਸਿਆ ਦਾ ਹੱਲ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਪਲਾਂਟ ਵੱਲੋਂ ਪਰਾਲੀ ਇਕੱਠੀ ਕੀਤੀ ਜਾ ਰਹੀ ਹੈ ਤੇ ਇੱਥੇ ਬਣਨ ਵਾਲੀ ਗੈਸ ਇੰਡੀਅਨ ਆਇਲ, ਟੌਰੈਂਟ ਆਦਿ ਕੰਪਨੀਆਂ ਰਾਹੀਂ ਗਾਹਕਾਂ ਤੱਕ ਪਹੁੰਚਾਈ ਜਾਵੇਗੀ।
ਸਾਕਸ਼ੀ ਸਾਹਨੀ ਨੇ ਇਸ ਮੌਕੇ ਕਿਸਾਨਾਂ ਨੂੰ ਸੱਦਾ ਦਿੱਤਾ ਕਿ ਉਹ ਆਪਣੀਆਂ ਅਗਲੀਆਂ ਪੀੜ੍ਹੀਆਂ ਦੇ ਭਵਿੱਖ ਲਈ ਪਰਾਲੀ ਨੂੰ ਅੱਗ ਲਗਾਕੇ ਵਾਤਾਵਰਣ ਖਰਾਬ ਨਾ ਕਰਨ ਕਿਉਂਕਿ ਧੂੰਏ ਕਰਕੇ ਦਮੇ ਦੇ ਬਹੁਤ ਸਾਰੇ ਮਰੀਜ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਤਹਿਤ ਜ਼ਿਲ੍ਹੇ ਵਿੱਚ ਝੋਨੇ ਦੀ ਖਰੀਦ ਦੇ ਸੁਚੱਜੇ ਪ੍ਰਬੰਧ ਕੀਤੇ ਹਨ ਤੇ ਲੋੜੀਂਦੀ ਮਸ਼ੀਨਰੀ ਕਿਸਾਨਾਂ ਦੇ ਘਰਾਂ ਤੱਕ ਪਹੁੰਚਾਈ ਜਾ ਰਹੀ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕਿਸਾਨਾਂ ਵੱਲੋਂ ਲਾਈ ਜਾਂਦੀ ਖੇਤਾਂ ਵਿੱਚ ਅੱਗ ਉਤੇ ਨਿਗਰਾਨੀ ਸੈਟੈਲਾਈਟ ਰਾਹੀਂ ਰੱਖੀ ਜਾ ਰਹੀ ਹੈ, ਇਸ ਲਈ ਕਿਸਾਨ ਕਿਸੇ ਵਹਿਮ ‘ਚ ਨਾ ਰਹਿਣ ਕਿ ਉਨ੍ਹਾਂ ਦੀ ਅੱਗ ਦਾ ਕਿਸੇ ਨੂੰ ਪਤਾ ਨਹੀਂ ਲੱਗੇਗਾ, ਸਗੋਂ ਅੱਗ ਲਾਉਣ ਵਾਲੇ ਕਿਸਾਨਾਂ ਵਿਰੁੱਧ ਨਿਯਮਾਂ ਮੁਤਾਬਕ ਕਾਰਵਾਈ ਕਰਨ ਦੇ ਨਾਲ-ਨਾਲ ਅਸਲੇ ਦੇ ਲਾਇਸੈਂਸ ਰੱਦ ਕਰਨ ਦੀ ਕਾਰਵਾਈ ਵੀ ਕੀਤੀ ਜਾਵੇਗੀ।
ਇਸ ਮੌਕੇ ਪਟਿਆਲਾ ਆਰ.ਐਨ.ਜੀ. ਦੇ ਫਿਊਲ ਮੈਨੇਜਰ ਰਾਮੇਸ਼ ਸ਼ਰਮਾ ਤੇ ਐਚ.ਐਸ.ਸੀ. ਇੰਚਾਰਜ ਜਗਤਾਰ ਸਿੰਘ ਨੇ ਪਲਾਂਟ ਬਾਰੇ ਜਾਣਕਾਰੀ ਦਿੱਤੀ। ਜਦਕਿ ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਨਾਮ ਸਿੰਘ, ਖੇਤੀਬਾੜੀ ਵਿਸਥਾਰ ਅਫ਼ਸਰ ਰਵਿੰਦਰ ਪਾਲ ਸਿੰਘ ਚੱਠਾ ਤੇ ਹੋਰ ਵੀ ਮੌਜੂਦ ਸਨ।