-ਨਵੇਂ ਪਟਵਾਰੀਆਂ ਨੂੰ ਲੋਕਾਂ ਨਾਲ ਮਿੱਠੇ ਬੋਲ ਬੋਲਣ ਤੇ ਇਮਾਨਦਾਰੀ ਤੇ ਦਿਆਨਤਾਰੀ ਨਾਲ ਕੰਮ ਕਰਨ ‘ਤੇ ਜ਼ੋਰ
ਪਟਿਆਲਾ, 22 ਨਵੰਬਰ:
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਪੰਜਾਬ ਸਰਕਾਰ ਵੱਲੋਂ ਹਾਲ ਹੀ ਵਿੱਚ ਨਵੇਂ ਨਿਯੁਕਤ ਕੀਤੇ ਗਏ 22 ਪਟਵਾਰੀਆਂ ਨੂੰ ਆਪਣੀ ਡਿਊਟੀ ‘ਤੇ ਤਾਇਨਾਤ ਕਰਦਿਆਂ ਸ਼ੁਭ ਇਛਾਵਾਂ ਦੇਕੇ ਫੀਲਡ ਵਿੱਚ ਭੇਜਿਆ ਹੈ। ਸਾਕਸ਼ੀ ਸਾਹਨੀ ਨੇ ਨਵੇਂ ਪਟਵਾਰੀਆਂ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸਮੂਹ ਸਰਕਾਰੀ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਇਮਾਨਦਾਰੀ ਤੇ ਦਿਆਨਤਦਾਰੀ ਨਾਲ ਕੰਮ ਕਰਨ ਦੇ ਸਪੱਸ਼ਟ ਆਦੇਸ਼ਾਂ ਤੋਂ ਜਾਣੂ ਕਰਵਾਇਆ।
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਫੀਲਡ ਵਿੱਚ ਕੰਮ ਕਰਦੇ ਸਮੇਂ ਪਟਵਾਰੀਆਂ ਵੱਲੋਂ ਲੋਕਾਂ ਨਾਲ ਮਿੱਠੇ ਬੋਲ ਬੋਲਣ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਆਮ ਲੋਕ ਕਿਸੇ ਨਾ ਕਿਸੇ ਪ੍ਰੇਸ਼ਾਨੀ ਆਦਿ ਦੇ ਵਿੱਚ ਹੀ ਆਪਣੇ ਕੰਮਾਂ-ਕਾਰਾਂ ਲਈ ਸਰਕਾਰੀ ਦਫ਼ਤਰਾਂ ‘ਚ ਆਉਂਦੇ ਹਨ ਅਤੇ ਅਜਿਹੇ ਵਿੱਚ ਉਨ੍ਹਾਂ ਨੂੰ ਪਿਆਰ ਤੇ ਹਮਦਰਦੀ ਦੇ ਬੋਲਾਂ ਦੀ ਲੋੜ ਹੁੰਦੀ ਹੈ।
ਸਾਕਸ਼ੀ ਸਾਹਨੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਭਲਾਈ ਸਕੀਮਾਂ ਦਾ ਲਾਭ ਹੇਠਲੇ ਪੱਧਰ ‘ਤੇ ਲੋਕਾਂ ਤੱਕ ਪਹੁੰਚਾਉਣਾ ਵੀ ਪਟਵਾਰੀਆਂ ਦੀ ਮੁਢਲੀ ਜਿੰਮੇਵਾਰੀ ਹੋਵੇਗੀ ਅਤੇ ਲੋਕਾਂ ਨਾਲ ਉਨ੍ਹਾਂ ਦਾ ਨੇੜਿਓਂ ਰਾਬਤਾ ਹੋਵੇਗਾ, ਇਸ ਲਈ ਸਰਕਾਰ ਦੀ ਛਵੀ ਵੀ ਉਨ੍ਹਾਂ ਨੇ ਹੀ ਬਣਾਉਣੀ ਹੈ, ਜਿਸ ਕਰਕੇ ਪਟਵਾਰੀਆਂ ਦਾ ਰਵੱਈਆ ਮਾਨਵੀ ਹੋਣਾ ਚਾਹੀਦਾ ਹੈ।
ਡਿਪਟੀ ਕਮਿਸ਼ਨਰ ਨੇ ਨਵੇਂ ਪਟਵਾਰੀਆਂ ਨੂੰ ਕਿਹਾ ਕਿ ਉਨ੍ਹਾਂ ਨੂੰ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਲੋਕਾਂ ਦੀ ਸੇਵਾ ਕਰਨ ਦਾ ਇੱਕ ਬਹੁਤ ਵਧੀਆ ਮੌਕਾ ਦਿੱਤਾ ਹੈ, ਇਸ ਲਈ ਰੱਬ ਨੂੰ ਸਦਾ ਯਾਦ ਰੱਖਦੇ ਹੋਏ ਬਿਹਤਰ ਢੰਗ ਨਾਲ ਆਪਣੀ ਡਿਊਟੀ ਨਿਭਾਉਣੀ ਹੈ। ਡੀ.ਸੀ. ਨੇ ਕਿਹਾ ਕਿ ਉਨ੍ਹਾਂ ਨੂੰ ਪੇਂਡੂ ਖੇਤਰਾਂ ਵਿੱਚ ਭੇਜਿਆ ਜਾ ਰਿਹਾ ਹੈ ਅਤੇ ਉਥੇ ਜਾਣ ਨਾਲ ਇਨ੍ਹਾਂ ਖੇਤਰਾਂ ਦੇ ਲੋਕਾਂ ਨੂੰ ਰਾਹਤ ਮਿਲਣੀ ਚਾਹੀਦੀ ਹੈ ਅਤੇ ਜੇਕਰ ਨਵੇਂ ਪਟਵਾਰੀਆਂ ਨੂੰ ਕੋਈ ਮੁਸ਼ਕਿਲ ਆਵੇ ਤਾਂ ਉਹ ਡਿਪਟੀ ਕਮਿਸ਼ਨਰ ਦਫ਼ਤਰ ਨਾਲ ਸੰਪਰਕ ਕਰ ਸਕਦੇ ਹਨ। ਇਸ ਮੌਕੇ ਜ਼ਿਲ੍ਹਾ ਮਾਲ ਅਫ਼ਸਰ ਨਵਦੀਪ ਸਿੰਘ ਤੇ ਮਾਲ ਮਹਿਕਮੇ ਦੇ ਹੋਰ ਅਧਿਕਾਰੀ ਮੌਜੂਦ ਸਨ।