ਮੌਸਮ ਵਿਭਾਗ ਵੱਲੋਂ ਮੀਂਹ ਨੂੰ ਲੈ ਕੇ ਇਕ ਵਾਰ ਫਿਰ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਮੁਤਾਬਕ ਮਾਝਾ, ਦੁਆਬਾ ਅਤੇ ਪੂਰਬੀ ਮਾਲਵੇ ਵਿਚ ਕਿਤੇ-ਕਿਤੇ ਮੀਂਹ ਪੈ ਸਕਦਾ ਹੈ ਅਤੇ 40 ਕਿਲੋਮੀਟਰ ਦੀ ਰਫ਼ਤਾਰ ਨਾਲ ਹਵਾਵਾਂ ਵੀ ਚੱਲ ਸਕਦੀਆਂ ਹਨ, ਜਿਸ ਕਾਰਨ ਪਿਛਲੇ ਕੁਝ ਦਿਨਾਂ ਤੋਂ ਵੱਧ ਰਹੀ ਗਰਮੀ ਤੋਂ ਰਾਹਤ ਮਿਲਣ ਦੀ ਸੰਭਾਵਨਾ ਹੈ। 13-14 ਅਤੇ 15 ਅਗਸਤ ਤੱਕ ਬਾਰਸ਼ ਦਾ ਦੌਰ ਜਾਰੀ ਰਹੇਗਾ।ਇੱਥੇ ਆਈ. ਐੱਮ. ਡੀ ਨੇ 13 ਅਤੇ 14 ਅਗਸਤ ਲਈ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ। ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀ. ਬੀ. ਐੱਮ.ਬੀ.) ਤੋਂ ਪ੍ਰਾਪਤ ਅੰਕੜਿਆਂ ਅਨੁਸਾਰ ਸੋਮਵਾਰ ਨੂੰ ਭਾਖੜਾ ਦੇ ਪਾਣੀ ਦਾ ਪੱਧਰ 1674.51 ਫੁੱਟ ਤੱਕ ਪਹੁੰਚ ਗਿਆ। ਭਾਖੜਾ ਵਿਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਸਿਰਫ਼ 6 ਫੁੱਟ ਹੇਠਾਂ ਹੈ। ਜਿਸ ਕਾਰਨ ਪੰਜਾਬ ਦੀਆਂ ਚਿੰਤਾਵਾਂ ਵਧਣੀਆਂ ਸੁਭਾਵਕ ਹਨ।ਇਸ ਦੇ ਨਾਲ ਹੀ ਪੌਂਗ ਡੈਮ ਦੇ ਪਾਣੀ ਦਾ ਪੱਧਰ 1385 ਫੁੱਟ ਤੱਕ ਪਹੁੰਚ ਗਿਆ ਹੈ। ਐਤਵਾਰ ਸਵੇਰੇ 10 ਵਜੇ ਡੈਮ ਵਿਚ ਪਾਣੀ ਦਾ ਪੱਧਰ 1383.50 ਫੁੱਟ ਸੀ ਅਤੇ 194878 ਕਿਊਸਿਕ ਪਾਣੀ ਆ ਰਿਹਾ ਸੀ। ਜਦੋਂ ਕਿ ਤਿੰਨ ਦਿਨ ਪਹਿਲਾਂ ਡੈਮ ਵਿਚ ਪਾਣੀ ਦਾ ਪੱਧਰ 1373.08 ਫੁੱਟ ਸੀ। ਇਸ ਤਰ੍ਹਾਂ ਤਿੰਨ ਦਿਨਾਂ ‘ਚ ਪਾਣੀ ਦਾ ਪੱਧਰ 10 ਫੁੱਟ ਵਧ ਗਿਆ ਹੈ। ਪੌਂਗ ਡੈਮ ਤੋਂ ਵੀ ਅੱਜ 50 ਹਜ਼ਾਰ ਕਿਊਸਿਕ ਪਾਣੀ ਛੱਡਿਆ ਜਾਵੇਗਾ, ਜੋ ਤਿੰਨ ਪੜਾਵਾਂ ਵਿੱਚ ਛੱਡਿਆ ਜਾਣਾ ਹੈ।