ਭਾਰਤ ਅਤੇ ਕੈਨੇਡਾ ਦੇ ਖਰਾਬ ਹੋਏ ਰਿਸ਼ਤਿਆਂ ਵਿਚਾਲੇ ਇੱਕ ਹੋਰ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਭਾਰਤ ਨੇ ਕਾਰਵਾਈ ਕਰਦੇ ਹੋਏ 41 ਕੈਨੇਡੀਅਨ ਡਿਪਲੋਮੈਟਸ ਨੂੰ ਦੇਸ਼ ਛੱਡਣ ਦੇ ਹੁਕਮ ਜਾਰੀ ਕਰ ਦਿੱਤੇ ਹਨ। 10 ਅਕਤੂਬਰ ਤੱਕ ਭਾਰਤੀ ਵਿਦੇਸ਼ ਮੰਤਰਾਲੇ ਨੇ ਕੈਨੇਡਾ ਦੇ 41 ਡਿਪਲੋਮੈਟਸ ਨੂੰ ਸਮਾਂ ਦਿੱਤਾ ਹੈ ਕਿ ਉਹ ਭਾਰਤ ਛੱਡ ਕੇ ਆਪਣੇ ਦੇਸ਼ ਵਾਪਸ ਚਲੇ ਜਾਣ। ਰਿਪੋਰਟ ਮੁਤਾਬਕ ਇਨ੍ਹਾਂ 41 ਡਿਪਲੋਮੈਟਸ ‘ਚੋਂ ਜੋ 10 ਅਕਤੂਬਰ ਤੋਂ ਬਾਅਦ ਭਾਰਤ ‘ਚ ਰਹਿ ਜਾਣਗੇ, ਉਨ੍ਹਾਂ ਨੂੰ ਮਿਲਣ ਵਾਲੀਆਂ ਛੋਟਾਂ ਅਤੇ ਹੋਰ ਲਾਭ ਬੰਦ ਕਰ ਦਿੱਤੇ ਜਾਣਗੇ। 10 ਅਕਤੂਬਰ ਤੋਂ ਬਾਅਦ ਦੇਸ਼ ਵਿੱਚ ਸਿਰਫ਼ 21 ਕੈਨੇਡੀਅਨ ਡਿਪਲੋਮੈਟ ਹੀ ਰਹਿਣਗੇ।26 ਸਤੰਬਰ ਨੂੰ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਸੰਯੁਕਤ ਰਾਸ਼ਟਰ ਵਿੱਚ ਭਾਸ਼ਣ ਦਿੱਤਾ ਸੀ। ਇਸ ਦੌਰਾਨ ਉਨ੍ਹਾਂ ਕੈਨੇਡਾ ਦਾ ਨਾਂ ਲਏ ਬਿਨਾਂ ਕਿਹਾ ਸੀ ਕਿ ਰਾਜਨੀਤੀ ਦੀ ਖਾਤਰ ਅੱਤਵਾਦ ਨੂੰ ਵਧਾਵਾ ਦੇਣਾ ਗਲਤ ਹੈ। ਸਾਡਾ ਮੰਨਣਾ ਹੈ ਕਿ ਪ੍ਰਭੂਸੱਤਾ ਦਾ ਸਨਮਾਨ ਮਹੱਤਵਪੂਰਨ ਹੈ, ਪਰ ਇਹ ਸਨਮਾਨ ਚੋਣਵੇਂ ਨਹੀਂ ਹੋਣਾ ਚਾਹੀਦਾ। ਅੱਤਵਾਦ, ਕੱਟੜਪੰਥ ਅਤੇ ਹਿੰਸਾ ‘ਤੇ ਸਿਆਸੀ ਸਹੂਲਤ ਅਨੁਸਾਰ ਕਾਰਵਾਈ ਨਹੀਂ ਹੋਣੀ ਚਾਹੀਦੀ।