ਪਟਿਆਲਾ,11 ਜੁਲਾਈ 2023 ( ਪ੍ਰੈਸ ਕੀ ਤਾਕਤ ਬਿਊਰੋ ) : ਪਟਿਆਲਾ ਨਦੀ ਅਤੇ ਛੋਟੀ ਨਦੀ ਦਾ ਪਾਣੀ ਬੈਕ ਮਾਰਨ ਕਾਰਨ ਲਗਭਗ 40 ਫ਼ੀਸਦੀ ਪਟਿਆਲਾ ਦੇ ਹਿੱਸੇ ਅੰਦਰ ਪਾਣੀ ਵੜਿਆ ਹੈ ਅਤੇ ਪੂਰੀ ਤਰ੍ਹਾਂ ਹੜ੍ਹ ਵਰਗਾ ਮਾਹੌਲ ਹੈ। ਇਥੋਂ ਤੱਕ ਕਿ ਹਾਲਾਤ ਨੇ ਲੋਕਾਂ ਨੂੰ 1993 ’ਚ ਆਏ ਹੜ੍ਹਾਂ ਦੀ ਯਾਦ ਦਿਵਾ ਦਿੱਤੀ ਹੈ, ਜਿਸ ਕਾਰਨ ਲੋਕਾਂ ’ਚ ਡਰ ਦਾ ਮਾਹੌਲ ਹੈ। ਸ਼ਹਿਰ ਦੇ ਅਰਬਨ ਅਸਟੇਟ ਵਰਗੇ ਵੀ. ਵੀ. ਆਈ. ਏਰੀਆ ’ਚ ਲੋਕਾਂ ਦੇ ਬੈੱਡਰੂਮਾਂ ਤੱਕ ਵੀ ਪਾਣੀ ਦਾਖ਼ਲ ਹੋ ਗਿਆ। ਪਾਣੀ ਦਾ ਵਹਾਅ ਇੰਨਾ ਤੇਜ਼ ਅਤੇ ਓਵਰ ਹੈ ਕਿ ਬਚਾਅ ਕਾਰਜਾਂ ’ਚ ਵੀ ਮੁਸ਼ਕਲ ਆ ਰਹੀ ਹੈ। ਜ਼ਿਲ੍ਹੇ ‘ਚ ਆਉਣ ਵਾਲੇ 24 ਘੰਟੇ ਪਟਿਆਲਵੀਆਂ ਲਈ ਬੇਹੱਦ ਖ਼ਤਰਨਾਕ ਹਨ। ਜੇਕਰ ਸਥਿਤੀ ਓਵਰ ਕੰਟਰੋਲ ਹੋਈ ਤਾਂ ਅੰਦਰ ਵਾਲਾ ਪਟਿਆਲਾ ਵੀ ਬੁਰੀ ਤਰ੍ਹਾਂ ਡੁੱਬ ਸਕਦਾ ਹੈ। ਪਟਿਆਲਾ ਨਦੀ ਦੇ ਡੀਅਰ ਪਾਰਕ ਨੇੜੇ ਬਣਾਇਆ ਗਿਆ ਬੰਨ੍ਹ ਸ਼ਹਿਰ ਵਾਲੇ ਪਾਸੇ ਨੂੰ ਟੁੱਟ ਗਿਆ ਹੈ, ਜਿਸ ਨਾਲ ਖ਼ਬਰ ਲਿਖੇ ਜਾਣ ਤੱਕ ਸ਼ਹਿਰ ਅੰਦਰ ਪਾਣੀ ਐਂਟਰ ਹੋਣਾ ਸ਼ੁਰੂ ਹੋ ਗਿਆ ਸੀ। ਇਸ ਬੰਨ੍ਹ ਨੂੰ ਦੁਬਾਰਾ ਜੋੜਨ ਲਈ ਤੁਰੰਤ ਫ਼ੌਜ ਨੂੰ ਸੱਦਿਆ ਗਿਆ ਹੈ ਤਾਂ ਕਿ ਇਸ ਬੰਨ੍ਹ ਨੂੰ ਤੁਰੰਤ ਬੰਦ ਕੀਤਾ ਜਾਵੇ ਕਿਉਂਕਿ ਇਹ ਪੁੱਲ ਵੱਡੀ ਨਦੀ ਤੇ ਛੋਟੀ ਨਦੀ ਨੂੰ ਵੱਖਰਾ-ਵੱਖਰਾ ਕਰਨ ਲਈ ਲਗਾਇਆ ਸੀ ਪਰ ਇਸ ਦੇ ਟੁੱਟਣ ਦੇ ਕਾਰਨ ਪਾਣੀ ਛੋਟੀ ਨਦੀ ’ਚ ਦਾਖ਼ਲ ਹੋ ਰਿਹਾ ਹੈ। ਛੋਟੀ ਨਦੀ ਸਿੱਧੇ ਤੌਰ ’ਤੇ ਪੂਰੇ ਸ਼ਹਿਰ ਨੂੰ ਡੁਬਾਉਣ ਦਾ ਕੰਮ ਕਰਦੀ ਹੈ।ਪਟਿਆਲਾ ਸ਼ਹਿਰ ‘ਚ ਨਵੇਂ ਬੱਸ ਅੱਡੇ ਸਾਹਮਣੇ ਸਥਿਤ ਪ੍ਰਾਈਵੇਟ ਹਸਪਤਾਲ ‘ਚ ਦਾਖ਼ਲ ਮਰੀਜ਼ਾਂ (9 ਮਰੀਜ਼ ਸਨ ਆਕਸੀਜਨ ‘ਤੇ) ਨੂੰ ਅੱਜ ਤੜਕੇ ਕਰੀਬ 3.30 ਵਜੇ ਸਰਕਾਰੀ ਰਾਜਿੰਦਰਾ ਹਸਪਤਾਲ ਦਾਖ਼ਲ ਕਰਵਾਇਆ ਗਿਆ। ਇਸ ਦੌਰਾਨ ਫ਼ੌਜ ਵੱਲੋਂ ਗੋਪਾਲ ਕਾਲੋਨੀ, ਅਰਬਨ ਅਸਟੇਟ ਫੇਜ਼-2, ਚਿਨਾਰ ਬਾਗ, ਰਿਸ਼ੀ ਕਾਲੋਨੀ ਅਤੇ ਗੋਬਿੰਦ ਨਗਰ ਇਲਾਕਿਆਂ ‘ਚ ਰਾਹਤ ਤੇ ਬਚਾਅ ਕਾਰਜ ਜਾਰੀ ਹਨ। ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਟਿਆਲਾ, ਰਾਜਪੁਰਾ ਆਦਿ ‘ਚ ਰਾਹਤ ਕੈਂਪ ਲਗਾਏ ਗਏ ਹਨ।
ਇਸ ਦੌਰਾਨ ਪਿਛਲੇ 2 ਦਿਨਾਂ ਤੋਂ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਸਾਰੀ ਰਾਤ ਗਰਾਊਂਡ ਜ਼ੀਰੋ ’ਤੇ ਡਟੇ ਰਹੇ। 9 ਅਤੇ 10 ਜੁਲਾਈ ਦੀ ਰਾਤ ਨੂੰ ਜਿੱਥੇ ਉਨ੍ਹਾਂ ਰਾਜਪੁਰਾ ‘ਚ ਨਿੱਜੀ ਹਸਪਤਾਲ ‘ਚੋਂ ਮਰੀਜ਼ ਸ਼ਿਫਟ ਕਰਵਾਏ ਸਨ, ਉੱਥੇ ਹੀ ਚਿਤਕਾਰਾ ਯੂਨੀਵਰਸਿਟੀ ਵਿਚੋਂ 910 ਵਿਦਿਆਰਥੀ ਕੱਢਵਾਏ ਸਨ। ਉਥੇ ਹੀ ਲੰਘੀ 10 ਅਤੇ 11 ਜੁਲਾਈ ਦੀ ਰਾਤ ਉਹ ਜਿੱਥੇ ਅਰਬਨ ਅਸਟੇਟ ਫੇਜ਼-2 ਵਿਚੋਂ ਲੋਕਾਂ ਨੂੰ ਕੱਢਣ ਦੀ ਨਿਗਰਾਨੀ ਕਰਦੇ ਰਹੇ, ਉੱਥੇ ਹੀ ਰਾਤ 2.30 ਵਜੇ ਸੂਲਰ ਰੋਡ ’ਤੇ ਸਥਿਤੀ ਦੀ ਸਮੀਖਿਆ ਕਰਦੇ ਨਜ਼ਰ ਆਏ। ਇਸ ਤਰੀਕੇ 48 ਘੰਟਿਆਂ ਤੋਂ ਉਹ ਗਰਾਊਂਡ ਜ਼ੀਰੋ ਤੋਂ ਟੀਮ ਪਟਿਆਲਾ ਦੀ ਅਗਵਾਈ ਕਰਦੇ ਨਜ਼ਰ ਆਏ ਹਨ। ਉਨ੍ਹਾਂ ਦੀ ਇਸ ਤਰੀਕੇ ਲੋਕਾਂ ਨਾਲ ਖੜ੍ਹਨ ਦੀ ਭਾਵਨਾ ਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ।