ਕੇਵੜੀਆ, 31 ਅਕਤੂਬਰ (ਪ੍ਰੈਸ ਕੀ ਤਾਕਤ ਬਿਊਰੋ)
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਲਾਰੇ ਲਾਉਣ ਦੀ ਰਾਜਨੀਤੀ ਦੇਸ਼ ਦੀ ਵਿਕਾਸ ਯਾਤਰਾ ਵਿਚ ਸਭ ਤੋਂ ਵੱਡਾ ਅੜਿੱਕਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ‘ਇਕ ਬਹੁਤ ਵੱਡਾ ਰਾਜਨੀਤਕ ਵਰਗ’ ਹੈ ਜੋ ਸਾਕਾਰਾਤਮਕ ਰਾਜਨੀਤੀ ਕਰਨ ਦਾ ਕੋਈ ਰਾਹ ਨਹੀਂ ਦੇਖ ਸਕਦਾ ਤੇ ਆਪਣੇ ਸੁਆਰਥ ਲਈ ਦੇਸ਼ ਦੀ ਏਕਤਾ ਨਾਲ ਸਮਝੌਤਾ ਵੀ ਕਰ ਸਕਦਾ ਹੈ। ਮੋਦੀ ਨੇ ਕਿਹਾ ਕਿ ਪਿਛਲੇ ਨੌਂ ਸਾਲਾਂ ਵਿਚ ਭਾਰਤ ਦੀ ਅੰਦਰੂਨੀ ਸੁਰੱਖਿਆ ਨੂੰ ਕਈ ਮੋਰਚਿਆਂ ਤੋਂ ਚੁਣੌਤੀ ਮਿਲਦੀ ਰਹੀ ਹੈ, ਪਰ ਸੁਰੱਖਿਆ ਬਲਾਂ ਦੀ ਕਰੜੀ ਮਿਹਨਤ ਕਾਰਨ ਦੇਸ਼ ਦੇ ਦੁਸ਼ਮਣ ਅਤੀਤ ਵਾਂਗ ਸਫ਼ਲ ਨਹੀਂ ਹੋ ਸਕੇ ਹਨ। ਮੋਦੀ ਅੱਜ ਗੁਜਰਾਤ ਦੇ ਨਰਮਦਾ ਜ਼ਿਲ੍ਹੇ ਦੇ ਕੇਵੜੀਆ ’ਚ ਸਥਤਿ ‘ਸਟੈਚੂ ਆਫ ਯੂਨਿਟੀ’ ’ਤੇ ਇਕ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਪ੍ਰਧਾਨ ਮੰਤਰੀ ਨੇ ਸਰਦਾਰ ਪਟੇਲ ਦੀ ਜੈਅੰਤੀ ਮੌਕੇ ਅੱਜ ਉਨ੍ਹਾਂ ਨੂੰ ਸ਼ਰਧਾਂਜਲੀ ਵੀ ਭੇਟ ਕੀਤੀ। ਪਟੇਲ ਦੀ ਜੈਅੰਤੀ ਭਾਰਤ ਵਿਚ ‘ਕੌਮੀ ਏਕਤਾ ਦਿਵਸ’ ਵਜੋਂ ਮਨਾਈ ਜਾਂਦੀ ਹੈ। ਪ੍ਰਧਾਨ ਮੰਤਰੀ ਨੇ ਇਸ ਮੌਕੇ ਕਿਹਾ ਕਿ ਇਸ ਸਦੀ ਦੇ ਅਗਲੇ 25 ਸਾਲ ਭਾਰਤ ਲਈ ਸਭ ਤੋਂ ਵੱਧ ਮਹੱਤਵਪੂਰਨ ਹਨ ਤੇ ‘ਅਸੀਂ ਇਸ ਨੂੰ ਇਕ ਖ਼ੁਸ਼ਹਾਲ ਤੇ ਵਿਕਸਤਿ ਦੇਸ਼ ਬਣਾਉਣਾ ਹੈ’ ਤੇ ਸਰਦਾਰ ਵੱਲਭਭਾਈ ਪਟੇਲ ਤੋਂ ਪ੍ਰੇਰਣਾ ਲੈਂਦਿਆਂ ਇਸ ਟੀਚੇ ਨੂੰ ਹਾਸਲ ਕਰਨਾ ਹੈ। ਮੋਦੀ ਨੇ ਕਿਹਾ ਕਿ ਪਿਛਲੇ ਕਈ ਦਹਾਕੇ ਇਸ ਗੱਲ ਦੇ ਗਵਾਹ ਹਨ ਕਿ ਤੁਸ਼ਟੀਕਰਨ ਕਰਨ ਵਾਲਿਆਂ ਨੂੰ ਅਤਿਵਾਦ, ਇਸ ਦੀ ਹੈਵਾਨੀਅਤ ਕਦੇ ਨਜ਼ਰ ਨਹੀਂ ਆਈ ਉਨ੍ਹਾਂ ਕਿਹਾ ਕਿ ਜੀ20 ਵਿਚ ਭਾਰਤ ਦੀ ਸਮਰੱਥਾ ਦੇਖ ਕੇ ਦੁਨੀਆ ਹੈਰਾਨ ਹੈ। ਮੋਦੀ ਨੇ ਕਿਹਾ ਕਿ ਵੱਖ-ਵੱਖ ਆਲਮੀ ਸੰਕਟਾਂ ਦਰਮਿਆਨ ਸਾਡੀਆਂ ਸਰਹੱਦਾਂ ਸੁਰੱਖਿਅਤ ਹਨ। ਮੋਦੀ ਨੇ ਕਿਹਾ ਕਿ ਗਰੀਬੀ ਨੂੰ ਖ਼ਤਮ ਕਰਨ ਲਈ ਲਗਾਤਾਰ ਯਤਨ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਸਰਦਾਰ ਸਰੋਵਰ ਡੈਮ ਦਾ ਕੰਮ ਪੰਜ-ਛੇ ਦਹਾਕਿਆਂ ਤੋਂ ਲਟਕਿਆ ਹੋਇਆ ਸੀ, ਪਰ ਸਾਰਿਆਂ ਦੇ ਯਤਨਾਂ ਨਾਲ ਪਿਛਲੇ ਕੁਝ ਸਾਲਾਂ ਵਿਚ ਇਹ ਪੂਰਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਏਕਤਾ ਨਗਰ, ਜਿੱਥੇ ਸਟੈਚੂ ਆਫ ਯੂਨਿਟੀ ਸਥਤਿ ਹੈ, ਨੂੰ ਅੱਜ ‘ਆਲਮੀ ਪੱਧਰ ਉਤੇ ਹਰੇ-ਭਰੇ ਸ਼ਹਿਰ’ ਦੇ ਰੂਪ ਵਿਚ ਜਾਣਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇੱਥੇ ਸੈਰ-ਸਪਾਟਾ ਵੀ ਵਧਿਆ ਹੈ ਤੇ ਸਥਾਨਕ ਲੋਕਾਂ ਨੂੰ ਮਦਦ ਮਿਲੀ ਹੈ। ਏਕਤਾ ਨਗਰ ਵਿਚ ਪ੍ਰਧਾਨ ਮੰਤਰੀ ਨੇ 160 ਕਰੋੜ ਰੁਪਏ ਦੀਆਂ ਕਈ ਵਿਕਾਸ ਯੋਜਨਾਵਾਂ ਦਾ ਉਦਘਾਟਨ ਕੀਤਾ ਤੇ ਨੀਂਹ ਪੱਥਰ ਵੀ ਰੱਖੇ। ਇਨ੍ਹਾਂ ਪ੍ਰਾਜੈਕਟਾਂ ਵਿਚ ਏਕਤਾ ਨਗਰ ਨੂੰ ਅਹਿਮਦਾਬਾਦ ਨਾਲ ਜੋੜਨ ਵਾਲੀ ਇਕ ਹੈਰੀਟੇਜ ਰੇਲ ਗੱਡੀ, ਨਰਮਦਾ ਆਰਤੀ ਦਾ ਸਿੱਧਾ ਪ੍ਰਸਾਰਨ, ਸਟੈਚੂ ਆਫ ਯੂਨਿਟੀ ਦੇ ਅੰਦਰ ਇਕ ਪੈਦਲ ਮਾਰਗ ਤੇ ਹੋਰ ਸ਼ਾਮਲ ਹਨ। ‘ਆਜ਼ਾਦੀ ਦਾ ਅੰਮ੍ਰਤਿ ਮਹੋਤਸਵ’ ਮੁਹਿੰਮ ਦੀ ਸਮਾਪਤੀ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਕਰੀਬ 1000 ਦਿਨਾਂ ਦਾ ਇਹ ਜਸ਼ਨ ਲੋਕ ਅੰਦੋਲਨ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਦੌਰਾਨ ਭਾਰਤ ਨੇ ਕਈ ਉਪਲਬਧੀਆਂ ਹਾਸਲ ਕੀਤੀਆਂ ਹਨ ਤੇ ਦੇਸ਼ ਦੁਨੀਆ ਦਾ ਪੰਜਵਾਂ ਸਭ ਤੋਂ ਵੱਡਾ ਅਰਥਚਾਰਾ ਬਣ ਗਿਆ ਹੈ। ਮੋਦੀ ਨੇ ਇਸ ਮੌਕੇ ਮਹਿਲਾ ਰਾਖਵਾਂਕਰਨ ਬਿੱਲ ਪਾਸ ਹੋਣ ਦਾ ਵੀ ਜ਼ਿਕਰ ਕੀਤਾ। ਉਨ੍ਹਾਂ 2047 ਤੱਕ ਭਾਰਤ ਨੂੰ ਵਿਕਸਤਿ ਮੁਲਕ ਬਣਾਉਣ ਦਾ ਅਹਿਦ ਵੀ ਦੁਹਰਾਇਆ ਤੇ ਨੌਜਵਾਨਾਂ ਨੂੰ ਇਸ ਪਾਸੇ ਕੰਮ ਕਰਨ ਲਈ ਪ੍ਰੇਰਿਆ। ਪ੍ਰਧਾਨ ਮੰਤਰੀ ਨੇ ਇਸ ਮੌਕੇ ਕਰਤਵਿਆ ਪਥ ਉਤੇ ‘ਮੇਰੀ ਮਾਟੀ ਮੇਰਾ ਦੇਸ਼’ ਮੁਹਿੰਮ ਦੇ ਸਮਾਪਤੀ ਸਮਾਗਮ ਵਿਚ ਵੀ ਹਿੱਸਾ ਲਿਆ। ਉਨ੍ਹਾਂ ਸਰਦਾਰ ਵੱਲਭਭਾਈ ਪਟੇਲ ਦੀ ਜੈਅੰਤੀ ਮੌਕੇ ‘ਮੇਰਾ ਯੁਵਾ ਭਾਰਤ’ ਪਲੈਟਫਾਰਮ ਵੀ ਲਾਂਚ ਕੀਤਾ।