ਉਤਰਾਖੰਡ ਦੀ ਸਿਲਕਿਆਰਾ ਸੁਰੰਗ ਵਿਚ ਦੋ ਹਫ਼ਤਿਆਂ ਤੋਂ ਫਸੇ 41 ਮਜ਼ਦੂਰਾਂ ਨੂੰ ਕੱਢਣ ਲਈ ਕੀਤੀ ਜਾ ਰਹੀ ਡਰਿਲਿੰਗ ਦੌਰਾਨ ਮਲਬੇ ਵਿਚ ਫਸੀ ਅਮਰੀਕੀ ਔਗਰ ਮਸ਼ੀਨ ਦੇ ਬਾਕੀ ਹਿੱਸੇ ਵੀ ਅੱਜ ਤੜਕੇ ਬਾਹਰ ਕੱਢ ਲਏ ਗਏ। ਹੁਣ ਫਸੇ ਮਜ਼ਦੂਰਾਂ ਨੂੰ ਬਚਾਉਣ ਲਈ ਹੱਥਾਂ ਨਾਲ ਡਰਿਲਿੰਗ ਕੀਤੀ ਜਾਵੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪ੍ਰਮੁੱਖ ਸਕੱਤਰ ਪੀਕੇ ਮਿਸ਼ਰਾ ਅਤੇ ਉੱਤਰਾਖੰਡ ਦੇ ਮੁੱਖ ਸਕੱਤਰ ਐੱਸਐੱਸ ਸੰਧੂ ਅੱਜ ਸਿਲਕਿਆਰਾ ਪਹੁੰਚਣਗੇ ਅਤੇ ਘਟਨਾ ਸਥਾਨ ‘ਤੇ ਚੱਲ ਰਹੇ ਬਚਾਅ ਕਾਰਜਾਂ ਦਾ ਜਾਇਜ਼ਾ ਲੈਣਗੇ। ਸੁਰੰਗ ਦੇ ਸਿਲਕਿਆਰਾ ਸਿਰੇ ਤੋਂ 25 ਟਨ ਦੀ ਅਮਰੀਕੀ ਔਗਰ ਮਸ਼ੀਨ ਦੀ ਵਰਤੋਂ ਕਰਦੇ ਹੋਏ ਡਰਿਲਿੰਗ ਵਿੱਚ ਸ਼ੁੱਕਰਵਾਰ ਸ਼ਾਮ ਨੂੰ ਉਦੋਂ ਰੁਕਾਵਟ ਆਈ, ਜਦੋਂ ਇਸ ਦੇ ਬਲੇਡ ਮਲਬੇ ਵਿੱਚ ਫਸ ਗਏ।