SEPTEMBER 12, 2023 ( ਪ੍ਰੈਸ ਕੀ ਤਾਕਤ )
ਭਾਜਪਾ ਵੱਲੋਂ ਰਾਜਸਥਾਨ ’ਚ ਅਮਨ-ਕਾਨੂੰਨ ਦੀ ਸਥਿਤੀ ਦਾ ਮੁੱਦਾ ਚੁੱਕੇ ਜਾਣ ਦਰਮਿਆਨ ਕਾਂਗਰਸ ਆਗੂ ਸਚਿਨ ਪਾਇਲਟ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਅਪਰਾਧ ਦੀਆਂ ਘਟਨਾਵਾਂ ’ਤੇ ਤੁਰੰਤ ਕਾਰਵਾਈ ਕਰਦੀ ਹੈ ਅਤੇ ਰਾਜਸਥਾਨ ਵਿੱਚ ਹਾਲਾਤ ਭਾਜਪਾ ਦੀ ਅਗਵਾਈ ਹੇਠਲੇ ਉੱਤਰ ਪ੍ਰਦੇਸ਼ ਤੇ ਮੱਧ ਪ੍ਰਦੇਸ਼ ਨਾਲੋਂ ਕਿਤੇ ਬਿਹਤਰ ਹਨ। ਉਨ੍ਹਾਂ ਭਾਜਪਾ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਇਹ ਸਿਰਫ਼ ਸੱਤਾ ’ਚ ਆਉਣ ਲਈ ਲੋਕਾਂ ਨੂੰ ਗੁੰਮਰਾਹ ਕਰਦੀ ਹੈ ਅਤੇ ਧਰਮ ਦਾ ਮੁੱਦਾ ਚੁੱਕਦੀ ਹੈ। ਮਹਿਲਾਵਾਂ ਖ਼ਿਲਾਫ਼ ਅਪਰਾਧ ਦੀਆਂ ਘਟਨਾਵਾਂ ਤੋਂ ਬਾਅਦ ਰਾਜਸਥਾਨ ਦਾ ਦੌਰਾ ਨਾ ਕਰਨ ਲਈ ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ’ਤੇ ਸਵਾਲ ਚੁੱਕਣ ਵਾਲੇ ਭਾਜਪਾ ਆਗੂਆਂ ’ਤੇ ਪ੍ਰਤੀਕਿਰਿਆ ਦਿੰਦਿਆਂ ਪਾਇਲਟ ਨੇ ਕਿਹਾ ਕਿ ਵਿਰੋਧੀ ਪਾਰਟੀ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਮੁੱਖ ਮੁੱਦਾ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿਉਂਕਿ ਰਾਜਸਥਾਨ ’ਚ ਚੋਣਾਂ ਨੇੜੇ ਆ ਰਹੀਆਂ ਹਨ।ਪਾਇਲਟ ਨੇ ਦੌਸਾ ’ਚ ਪੱਤਰਕਾਰਾਂ ਨੂੰ ਕਿਹਾ, ‘ਜਦੋਂ ਵੀ ਕਿਤੇ ਕੋਈ ਘਟਨਾ ਵਾਪਰਦੀ ਹੈ ਤਾਂ ਤੁਰੰਤ ਕਾਰਵਾਈ ਕੀਤੀ ਜਾਂਦੀ ਹੈ ਅਤੇ ਮੁਲਜ਼ਮਾਂ ਨੂੰ ਘੰਟਿਆਂ ਅੰਦਰ ਹੀ ਗ੍ਰਿਫ਼ਤਾਰ ਕਰ ਲਿਆ ਜਾਂਦਾ ਹੈ। ਅਜਿਹੀਆਂ ਘਟਨਾਵਾਂ ਕਿਤੇ ਵੀ ਵਾਪਰ ਸਕਦੀਆਂ ਹਨ ਪਰ ਅਸੀਂ ਤੁਰੰਤ ਕਾਰਵਾਈ ਕਰਦੇ ਹਾਂ।’ ਉਨ੍ਹਾਂ ਕਿਹਾ, ‘ਅਸੀਂ ਅਜਿਹੀਆਂ ਘਟਨਾਵਾਂ ਨੂੰ ਕਾਬੂ ਕਰਨ ਲਈ ਪੂਰੀ ਕੋਸ਼ਿਸ਼ ਕਰਦੇ ਹਾਂ। ਹੋਰ ਸੂਬਿਆਂ ’ਚ ਕੀ ਹੋ ਰਿਹਾ ਹੈ, ਇਹ ਵੀ ਦੇਖਣਾ ਚਾਹੀਦਾ ਹੈ। ਉੱਤਰ ਪ੍ਰਦੇਸ਼ ਤੇ ਮੱਧ ਪ੍ਰਦੇਸ਼ ’ਚ ਅਪਰਾਧ ਦੀ ਦਰ ਬਹੁਤ ਉੱਚੀ ਹੈ ਪਰ ਭਾਜਪਾ ਆਗੂ ਇੱਥੇ ਇਸ ਨੂੰ ਮੁੱਦਾ ਬਣਾ ਰਹੀ ਹੈ ਕਿਉਂਕਿ ਵਿਧਾਨ ਸਭਾ ਚੋਣਾਂ ਆ ਰਹੀਆਂ ਹਨ।’ ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਨੂੰ ਪੰਜ ਸਾਲਾਂ ਤੱਕ ਰਾਜਸਥਾਨ ਵਿਚ ਅਮਨ ਤੇ ਕਾਨੂੰਨ ਦੀ ਸਥਿਤੀ ਨਜ਼ਰ ਨਹੀਂ ਆਈ ਪਰ ਹੁਣ ਉਹ ਇਸ ਮੁੱਦੇ ’ਤੇ ਰੌਲਾ ਪਾ ਰਹੇ ਹਨ ਕਿਉਂਕਿ ਇੱਥੇ ਚੋਣਾਂ ਆਉਣ ਵਾਲੀਆਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੂੰ ਜੀ-20 ਰਾਤਰੀ ਭੋਜ ’ਤੇ ਸੱਦਿਆ ਜਾਣਾ ਚਾਹੀਦਾ ਸੀ।