ਪਟਿਆਲਾ, 27 ਅਕਤੂਬਰ:
ਪਟਿਆਲਾ ਜ਼ਿਲ੍ਹੇ ਦੇ ਪਿੰਡਾਂ ਦੀਆਂ ਸੱਥਾਂ ‘ਚ ਹੁਣ ਸਵੇਰੇ-ਸ਼ਾਮ ਵਾਤਾਵਰਣ ਦੀਆਂ ਗੱਲਾਂ ਹੋ ਰਹੀਆਂ ਹਨ, ਜਿਸ ਵਿੱਚ ਪਿੰਡ ਦੇ ਬਜ਼ੁਰਗਾਂ ਤੋਂ ਲੈ ਕੇ ਨੌਜਵਾਨ ਤੇ ਬੱਚੇ ਵੀ ਸ਼ਾਮਲ ਹੋ ਰਹੇ ਹਨ ਤੇ ਦਿਨ ਪ੍ਰਤੀ ਦਿਨ ਪਲੀਤ ਹੋ ਰਹੇ ਵਾਤਾਵਰਣ ਨੂੰ ਸਾਫ਼ ਰੱਖਣ ਲਈ ਆਪਣਾ ਯੋਗਦਾਨ ਪਾਉਣ ਦਾ ਅਹਿਦ ਲੈ ਕੇ ਪਰਾਲੀ ਪ੍ਰਬੰਧਨ ਲਈ ਨਵੀਂਆਂ ਤਕਨੀਕਾਂ ਸਬੰਧੀ ਮਾਹਰਾਂ ਪਾਸੋਂ ਜਾਣਕਾਰੀ ਲੈ ਰਹੇ ਹਨ।
ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਦੀ ਅਗਵਾਈ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਚਲਾਏ ‘ਸੱਥ ‘ਚ ਗੱਲ ਅਤੇ ਹੱਲ’ ਪ੍ਰੋਗਰਾਮ ਦੇ ਨੋਡਲ ਅਫ਼ਸਰ ਵਧੀਕ ਡਿਪਟੀ ਕਮਿਸ਼ਨਰ ਅਨੁਪ੍ਰਿਤਾ ਜੌਹਲ ਨੇ ਦੱਸਿਆ ਕਿ ਰੋਜਾਨਾ ਸਵੇਰੇ 7 ਵਜੇ ਤੋਂ ਸਵੇਰੇ 8 ਵਜੇ ਤੱਕ ਅਤੇ ਸ਼ਾਮ 6 ਵਜੇ ਤੋਂ ਸ਼ਾਮ 7 ਵਜੇ ਤੱਕ ਪਿੰਡਾਂ ਦੀਆਂ ਸੱਥਾਂ, ਧਰਮਸ਼ਾਲਾ ਅਤੇ ਸਾਂਝੀਆਂ ਥਾਵਾਂ ‘ਤੇ ਕਿਸਾਨਾਂ ਨੂੰ ਪਰਾਲੀ ਦੀ ਰਹਿੰਦ ਖੂੰਹਦ ਨੂੰ ਅੱਗ ਲਗਾਉਣ ਦੇ ਮਾੜੇ ਪ੍ਰਭਾਵਾਂ ਨਾਲ ਹੋਣ ਵਾਲੇ ਨੁਕਸਾਨ ਪ੍ਰੀਤ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕਿਸਾਨਾਂ ਨੂੰ ਇੰਨ ਸੀਟੂ ਅਤੇ ਐਕਸ ਸੀਟੂ ਦੋਵੇਂ ਤਕਨੀਕਾਂ ਸਬੰਧੀ ਮਾਹਰਾਂ ਵੱਲੋਂ ਜਾਣਕਾਰੀ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਕਿਸਾਨਾਂ ਵੱਲੋਂ ਵੀ ਇਸ ਪ੍ਰੋਗਰਾਮ ਵਿੱਚ ਭਰਵੀਂ ਸ਼ਮੂਲੀਅਤ ਕੀਤੀ ਜਾ ਰਹੀ ਹੈ ਤੇ ਆਪਣੇ ਸ਼ੰਕੇ ਵੀ ਦੂਰ ਕੀਤੇ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਬਲਾਕ ਪਟਿਆਲਾ ਦੇ ਬੀ.ਡੀ.ਪੀ.ਓ. ਸੁਖਵਿੰਦਰ ਸਿੰਘ ਟਿਵਾਣਾ ਵਲੋਂ ਪਿੰਡ ਤਰੋੜਾ ਕਲਾਂ ਅਤੇ ਤਰੋੜਾ ਖੁਰਦ, ਬਲਾਕ ਭੁਨਰਹੇੜੀ ਦੇ ਬੀ.ਡੀ.ਪੀ.ਓ. ਮੋਹਿੰਦਰ ਸਿੰਘ ਵਲੋਂ ਪਿੰਡ ਕਾਠਗੜ੍ਹ, ਬਲਾਕ ਸਨੌਰ ਦੇ ਐਸ.ਈ.ਪੀ.ਓ. ਪ੍ਰਿੰਸ ਜਿੰਦਲ ਵਲੋਂ ਪਿੰਡ ਨਨਾਨਸੁ, ਬਲਾਕ ਰਾਜਪੁਰਾ ਦੇ ਜੇ.ਈ. ਸਤਿੰਦਰਪਾਲ ਸਿੰਘ ਵਲੋਂ ਪਿੰਡ ਨਰਾਇਣਗੜ੍ਹ ਝੁੰਗੀਆਂ, ਬਲਾਕ ਘਨੌਰ ਦੇ ਪੰਚਾਇਤ ਸੈਕਟਰੀ ਜਗਜੀਤ ਸਿੰਘ ਵਲੋਂ ਪਿੰਡ ਲਾਛੜੂ ਕਲਾਂ, ਬਲਾਕ ਸ਼ੰਭੂ ਕਲਾਂ ਦੇ ਪੰਚਾਇਤ ਸੈਕਟਰੀ ਵਿਕਰਾਂਤ ਸਿੰਘ ਵਲੋਂ ਪਿੰਡ ਗੁਰੂ ਤੇਗ ਬਹਾਦਰ ਕਾਲੋਨੀ, ਬਲਾਕ ਸਮਾਣਾ ਦੇ ਐਸ.ਈ.ਪੀ.ਓ. ਗੁਰਤੇਜ ਸਿੰਘ ਵਲੋਂ ਪਿੰਡ ਖੱਤਬੀਵਾਲ, ਬਲਾਕ ਪਾਤੜਾਂ ਦੇ ਬੀ.ਡੀ.ਪੀ.ਓ. ਬਗੇਲ ਸਿੰਘ ਵਲੋਂ ਪਿੰਡ ਕਰਤਾਰਪੁਰ, ਬਲਾਕ ਨਾਭਾ ਦੇ ਐਸ.ਈ.ਪੀ.ਓ. ਕਰਨਵੀਰ ਸਿੰਘ ਵਲੋਂ ਪਿੰਡ ਘਣੀਵਾਲ, ਥੂਹੀ ਅਤੇ ਥੁਹਾ ਪੱਤੀ, ਬਲਾਕ ਪਟਿਆਲਾ ਦਿਹਾਤੀ ਦੇ ਬੀ.ਡੀ.ਪੀ.ਓ. ਕ੍ਰਿਸ਼ਨ ਸਿੰਘ ਵਲੋਂ ਪਿੰਡ ਲੁਬਾਣਾ ਟੇਕੂ ਵਿਖੇ ਪਰਾਲੀ ਨੂੰ ਅੱਗ ਲਗਾਉਣ ਦੇ ਮਾੜੇ ਪ੍ਰਭਾਵਾਂ ਸਬੰਧੀ ਜਾਗਰੂਕਤਾ ਪੈਦਾ ਕੀਤੀ ਗਈ।