ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਅੱਜ ਉਨ੍ਹਾਂ ਸਾਰੀਆਂ ਅਫਵਾਹਾਂ ਨੂੰ ਖਾਰਜ ਕਰ ਦਿੱਤਾ ਕਿ ਪਿਛਲੇ ਹਫ਼ਤੇ ਵਿਰੋਧੀ ਪਾਰਟੀਆਂ ਦੇ ਗੱਠਜੋੜ ‘ਇੰਡੀਆ’ ਦੀ ਮੀਟਿੰਗ ਵਿੱਚ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਦਾ ਚਿਹਰਾ ਬਣਾਉਣ ਦਾ ਸੁਝਾਅ ਦਿੱਤੇ ਜਾਣ ਅਤੇ ਉਨ੍ਹਾਂ ਨੂੰ ਗੱਠਜੋੜ ਦਾ ਕਨਵੀਨਰ ਨਾ ਬਣਾਏ ਜਾਣ ਕਾਰਨ ਉਹ ਨਾਰਾਜ਼ ਚੱਲ ਰਹੇ ਹਨ।
ਭਾਜਪਾ ਦੇ ਵਿਰੋਧ ’ਚ ਵਿਰੋਧੀ ਪਾਰਟੀਆਂ ਨੂੰ ਇਕਜੁੱਟ ਕਰਨ ਦੀ ਪਹਿਲ ਕਰਨ ਵਾਲੇ ਜਨਤਾ ਦਲ (ਯੂ) ਦੇ ਨੇਤਾ ਨੇ ਕਿਹਾ, ‘ਮੈਨੂੰ ਕੋਈ ਮਾਯੂਸੀ ਨਹੀਂ ਹੋਈ, ਕੋਈ ਨਾਰਾਜ਼ਗੀ ਨਹੀਂ ਹੋਈ।’ ਮਰਹੂਮ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਜੈਅੰਤੀ ਮੌਕੇ ਅੱਜ ਇੱਥੇ ਕਰਵਾਏ ਸਮਾਗਮ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਨਿਤੀਸ਼ ਨੇ ਦਿੱਲੀ ਤੇ ਪੱਛਮੀ ਬੰਗਾਲ ਦੇ ਮੁੱਖ ਮੰਤਰੀਆਂ ਕ੍ਰਮਵਾਰ ਅਰਵਿੰਦ ਕੇਜਰੀਵਾਲ ਤੇ ਮਮਤਾ ਬੈਨਰਜੀ ਵੱਲੋਂ ਖੜਗੇ ਦਾ ਨਾਂ ਪੇਸ਼ ਕੀਤੇ ਜਾਣ ਬਾਰੇ ਕਿਹਾ, ‘ਮੀਟਿੰਗ ’ਚ ਮੁੱਦਾ (ਇਕ ਨੇਤਾ ਦੇ ਨਾਂ ਦਾ) ਆਇਆ। ਮੈਂ ਸ਼ੁਰੂ ’ਚ ਹੀ ਸਪੱਸ਼ਟ ਕਰ ਦਿੱਤਾ ਸੀ ਕਿ ਸਾਡੀ ਆਪਣੀ ਕੋਈ ਇੱਛਾ ਨਹੀਂ ਹੈ। ਸਾਰੇ ਲੋਕ ਮਿਲ ਕੇ ਚੱਲਣ ਅਸੀਂ ਇਹੀ ਚਾਹੁੰਦੇ ਹਾਂ। ਫਿਰ ਇੱਕ ਹੋਰ ਨਾਂ ਪੇਸ਼ ਕੀਤਾ ਗਿਆ, ਮੈਂ ਕਿਹਾ ਇਹ ਮੈਨੂੰ ਮਨਜ਼ੂਰ ਹੈ।’ ਭਾਜਪਾ ਦੀ ਅਗਵਾਈ ਹੇਠਲੇ ਐੱਨਡੀਏ ਵਿਚਲੇ ਜਨਤਾ ਦਲ (ਯੂ) ਦੇ ਵਿਰੋਧੀਆਂ ਨੇ ਇਸ ਘਟਨਾਕ੍ਰਮ ਦੀ ਆਲੋਚਨਾ ਕਰਦਿਆਂ ਦਾਅਵਾ ਕੀਤਾ ਸੀ ਕਿ ਆਮ ਆਦਮੀ ਪਾਰਟੀ ਦੇ ਮੁਖੀ ਕੇਜਰੀਵਾਲ ਤੇ ਟੀਐੱਮਸੀ ਸੁਪਰੀਮੋ ਮਮਤਾ ਬੈਨਰਜੀ ਨੇ ਅਸਲ ਵਿੱਚ ਨਿਤੀਸ਼ ਦੀ ਪ੍ਰਧਾਨ ਮੰਤਰੀ ਬਣਨ ਦੀ ਖਾਹਿਸ਼ ਨੂੰ ਤੋੜ ਦਿੱਤਾ ਹੈ।
ਨਿਤੀਸ਼ ਨੇ ਜਨਵਰੀ ਤੱਕ ਸੀਟਾਂ ਦੀ ਵੰਡ ਨੂੰ ਆਖਰੀ ਰੂਪ ਦੇਣ ਸਬੰਧੀ ਸਵਾਲ ਬਾਰੇ ਕਿਹਾ, ‘ਹਾਂ, ਮੈਂ ਕਿਹਾ ਸੀ ਕਿ ਸੀਟਾਂ ਦੀ ਵੰਡ ਨੂੰ ਜਲਦੀ ਤੋਂ ਜਲਦੀ ਅੰਤਿਮ ਰੂਪ ਦਿੱਤਾ ਜਾਣਾ ਚਾਹੀਦਾ ਹੈ। ਮੈਂ ਪਹਿਲਾਂ ਵੀ ਇਸ ਬਾਰੇ ਵਿਚਾਰ ਜ਼ਾਹਿਰ ਕਰ ਚੁੱਕਾ ਹਾਂ। ਮੈਨੂੰ ਭਰੋਸਾ ਹੈ ਕਿ ਅਜਿਹਾ ਸਾਰੇ ਰਾਜਾਂ ’ਚ ਸਹੀ ਸਮੇਂ ’ਤੇ ਕਰ ਲਿਆ ਜਾਵੇਗਾ।’
ਆਰਜੇਡੀ ਆਗੂ ਤੇਜਸਵੀ ਯਾਦਵ ਨੇ ਕਿਹਾ ਕਿ ਸੀਟਾਂ ਦੀ ਵੰਡ ਸਹੀ ਸਮੇਂ ’ਤੇ ਹੋ ਜਾਵੇਗੀ। ਕੇਂਦਰ ਦੀ ਮੋਦੀ ਸਰਕਾਰ ’ਤੇ ਮੀਡੀਆ ਨੂੰ ਕੰਟਰੋਲ ਕਰਨ ਦਾ ਦੋਸ਼ ਲਗਾ ਚੁੱਕੇ ਨਿਤੀਸ਼ ਨੇ ਕਿਹਾ, ‘ਤੁਸੀਂ ਮੀਡੀਆ ਵਾਲਿਆਂ ’ਤੇ ਕੰਟਰੋਲ ਕਿਸੇ ਹੋਰ ਦਾ ਹੈ। ਅਸੀਂ ਤੁਹਾਡੀ ਇੱਜ਼ਤ ਕਰਦੇ ਹਾਂ ਤੇ ਕਰਦੇ ਰਹਾਂਗੇ। ਤੁਸੀਂ ਲੋਕ ਖੂਬ ਤਰੱਕੀ ਕਰੋ।’

