ਇਜ਼ਰਾਈਲ ਵੱਲੋਂ ਗਾਜ਼ਾ ਪੱਟੀ ’ਤੇ ਕੀਤੇ ਜਾ ਰਹੇ ਜ਼ਮੀਨੀ ਹਮਲਿਆਂ ਦਰਮਿਆਨ ਆਲਮੀ ਸਿਹਤ ਸੰਸਥਾ (ਡਬਲਿਊਐੱਚਓ) ਨੇ ਦਾਅਵਾ ਕੀਤਾ ਹੈ ਕਿ ਗਾਜ਼ਾ ਸ਼ਹਿਰ ਵਿੱਚ ਮਲਬੇ ਹੇਠ ਅਜੇ ਵੀ ਇਕ ਹਜ਼ਾਰ ਦੇ ਕਰੀਬ ਲਾਸ਼ਾਂ ਦਫ਼ਨ ਹਨ, ਜਨਿ੍ਹਾਂ ਦੀ ਪਛਾਣ ਨਹੀਂ ਹੋ ਸਕੀ। ਰਿਚਰਡ ਪੀਪਰਕੌਰਨ ਨੇ ਕਿਹਾ ਕਿ ਡਬਲਿਊਐੱਚਓ ਨੂੰ ਮਿਲੇ ਅਨੁਮਾਨਾਂ ਮੁਤਾਬਕ 1000 ਅਣਪਛਾਤੀਆਂ ਲਾਸ਼ਾਂ ਮਲਬੇ ਹੇਠ ਦੱਬੀਆਂ ਹਨ, ਜੋ ਮੌਤਾਂ ਦੇ ਅਧਿਕਾਰਤ ਅੰਕੜੇ 7300 ਵਿੱਚ ਸ਼ਾਮਲ ਨਹੀਂ ਹਨ। ਉਧਰ ਹਮਾਸ ਵੀ ਦਾਅਵਾ ਕਰਦਾ ਆ ਰਿਹਾ ਹੈ ਕਿ ਇਜ਼ਰਾਈਲ ਨੇ ਸ਼ਹਿਰੀ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ, ਜਿਸ ਕਰਕੇ ਇਮਾਰਤਾਂ ਦੇ ਮਲਬੇ ਹੇਠ ਕਈ ਲੋਕ ਦੱਬੇ ਹੋਏ ਹਨ ਤੇ ਮੌਤਾਂ ਦੀ ਗਿਣਤੀ ਹੋਰ ਵਧ ਸਕਦੀ ਹੈ। ਇਸ ਦੌਰਾਨ ਅਮਰੀਕਾ ਨੇ ਹਮਾਸ ਤੇ ਇਰਾਨ ਦੇ ਰੈਵੋਲਿਊਸ਼ਨਰੀ ਗਾਰਡ ਮੈਂਬਰਾਂ ’ਤੇ ਨਵੀਆਂ ਪਾਬੰਦੀਆਂ ਲਾ ਦਿੱਤੀਆਂ ਹਨ। ਉਧਰ ਮਾਸਕੋ ਵਿੱਚ ਇਰਾਨ ਦੇ ਸੀਨੀਅਰ ਸਫ਼ੀਰਾਂ ਵੱਲੋਂ ਹਮਾਸ ਦੇ ਪ੍ਰਤੀਨਿਧਾਂ ਨਾਲ ਮੁਲਾਕਾਤ ਮਗਰੋਂ ਦਹਿਸ਼ਤੀ ਸਮੂਹ (ਹਮਾਸ) ਨੇ ਇਜ਼ਰਾਈਲ ਅੱਗੇ ਜੰਗਬੰਦੀ ਦੀ ਸੂਰਤ ਵਿੱਚ ਗਾਜ਼ਾ ਵਿਚੋਂ ਬੰਧਕਾਂ ਨੂੰ ਰਿਹਾਅ ਕਰਨ ਦੀ ਸ਼ਰਤ ਰੱਖੀ ਹੈ।
ਮਾਸਕੋ ਵਿਚਲੀ ਇਰਾਨੀ ਅੰਬੈਸੀ ਨੇ ਇਕ ਬਿਆਨ ਵਿਚ ਕਿਹਾ ਕਿ ਹਮਾਸ ਦੇ ਪ੍ਰਤੀਨਿਧ ਮੂਸਾ ਅਬੂ ਮਰਜ਼ੌਕ ਨਾਲ ਬੈਠਕ ਦੌਰਾਨ ਇਰਾਨ ਦੇ ਉਪ ਵਿਦੇਸ਼ ਮੰਤਰੀ ਅਲੀ ਬਘੇਰੀ ਕਾਨੀ ਨੇ ਜੰਗਬੰਦੀ, ਗਾਜ਼ਾ ਪੱਟੀ ਨੂੰ ਜਾਂਦੇ ਰਾਹ ’ਤੇ ਲਾਈਆਂ ਰੋਕਾਂ ਹਟਾਉਣ ਤੇ ਮਾਨਵੀ ਸਹਾਇਤਾ ਮੁਹੱਈਆ ਕਰਵਾਉਣ ਦੀ ਲੋੜ ’ਤੇ ਜ਼ੋਰ ਦਿੱਤਾ। ਮਰਜ਼ੌਕ ਲੰਘੇ ਦਿਨ ਰੂਸੀ ਕੂਟਨੀਤਕਾਂ ਨੂੰ ਵੀ ਮਿਲਿਆ ਸੀ। ਉਧਰ ਇਜ਼ਰਾਇਲੀ ਵਿਦੇਸ਼ ਮੰਤਰਾਲੇ ਨੇ ਹਮਾਸ ਦੇ ਪ੍ਰਤੀਨਿਧਾਂ ਨੂੰ ਮਾਸਕੋ ਸੱਦਣ ਦੇ ਫੈਸਲੇ ਨੂੰ ‘ਅਤਿਵਾਦ ਨੂੰ ਸ਼ਹਿ ਦੇਣ ਦੀ ਕਾਰਵਾਈ’ ਕਰਾਰ ਦਿੰਦਿਆਂ ਵਫ਼ਦ ਨੂੰ ਰੂਸ ਤੋਂ ਫੌਰੀ ਕੱਢਣ ਲਈ ਕਿਹਾ ਹੈ। ਇਜ਼ਰਾਇਲੀ ਫੌਜ ਵੱਲੋਂ ਗਾਜ਼ਾ ਪੱਟੀ ਵਿੱਚ ਜ਼ਮੀਨੀ ਹਮਲੇ ਤੇਜ਼ ਕਰਨ ਤੋਂ ਇਕ ਦਿਨ ਮਗਰੋਂ ਅਮਰੀਕਾ ਵੀ ਇਸ ਲੜਾਈ ਵਿੱਚ ਕੁੱਦ ਪਿਆ ਹੈ। ਅਮਰੀਕੀ ਲੜਾਕੂ ਜਹਾਜ਼ਾਂ ਨੇ ਪੂਰਬੀ ਸੀਰੀਆ ਵਿੱਚ ਇਰਾਨ ਰੈਵੋਲਿਊਸ਼ਨਰੀ ਗਾਰਡ ਕੋਰਪਸ (ਆਈਆਰਜੀਸੀ) ਦੇ ਦੋ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਡਾਕਟਰੀ ਸਹਾਇਤਾ ਅਤੇ ਜ਼ਰੂਰੀ ਦਵਾਈਆਂ, ਪਾਣੀ ਤੇ ਖੁਰਾਕ ਨਾਲ ਲੈਸ 74 ਟਰੱਕ ਮਿਸਰ ਤੋਂ ਗਾਜ਼ਾ ਵਿਚ ਦਾਖ਼ਲ ਹੋ ਗਏ ਹਨ। ਇਨ੍ਹਾਂ ਵਿਚ 10 ਵਿਦੇਸ਼ੀ ਡਾਕਟਰ ਵੀ ਸ਼ਾਮਲ ਹਨ। ਸੰਯੁਕਤ ਰਾਸ਼ਟਰ ਨੇ ਰਾਹਤ ਕਾਰਜਾਂ ਵਿੱਚ ਲੱਗੇ ਆਪਣੇ 57 ਕਾਮੇ ਗਾਜ਼ਾ ਵਿੱਚ ਮਾਰੇ ਜਾਣ ਦਾ ਦਾਅਵਾ ਕੀਤਾ ਹੈ। ਇਜ਼ਰਾਇਲੀ ਹਮਲੇ ਵਿੱਚ ਮਰਨ ਵਾਲੇ ਫਲਸਤੀਨੀਆਂ ਦੀ ਗਿਣਤੀ 7000 ਨੂੰ ਟੱਪ ਗਈ ਹੈ। ਫਲਸਤੀਨੀ ਸ਼ਰਨਾਰਥੀਆਂ ਬਾਰੇ ਸੰਯੁਕਤ ਰਾਸ਼ਟਰ ਦੀ ਏਜੰਸੀ ਯੂਐੱਨਆਰਡਬਲਿਊਏ ਨੇ ਕਿਹਾ ਕਿ ਛੇ ਲੱਖ ਤੋਂ ਵੱਧ ਗਾਜ਼ੀਅਨ ਘਰੋਂ ਬੇਘਰ ਹੋ ਗਏ ਹਨ। ਅਮਰੀਕਾ ਦੇ ਰੱਖਿਆ ਮੰਤਰੀ ਲੌਇਡ ਆਸਟਨਿ ਨੇ ਸਾਫ ਕਰ ਦਿੱਤਾ ਕਿ ਸੀਰੀਆ ’ਤੇ ਹਮਲੇ ਇਰਾਨ ਤੇ ਸੀਰੀਆ ਦੀ ਹਮਾਇਤ ਵਾਲੇ ਮਿਲੀਸ਼ੀਆ ਗਰੁੱਪਾਂ ਵੱਲੋਂ ਪਿਛਲੇ ਹਫ਼ਤੇ ਅਮਰੀਕੀ ਅੱਡਿਆਂ ਅਤੇ ਅਮਲੇ ’ਤੇ ਕੀਤੇ ਡਰੋਨ ਤੇ ਮਿਜ਼ਾਈਲ ਹਮਲਿਆਂ ਦਾ ਜਵਾਬ ਹੈ। ਅਮਰੀਕੀ ਫੌਜ ਦੇ ਸੀਨੀਅਰ ਅਧਿਕਾਰੀਆਂ ਮੁਤਾਬਕ ਦੋ ਐੱਫ-16 ਲੜਾਕੂ ਜਹਾਜ਼ਾਂ ਨੇ ਬੌਕਮਾਲ ਨੇੜੇ ਆਈਆਰਜੀਸੀ ਦੇ ਅਸਲੇ ਤੇ ਗੋਲੀ-ਸਿੱਕੇ ਦੇ ਭੰਡਾਰਾਂ ਨੂੰ ਨਿਸ਼ਾਨਾ ਬਣਾਇਆ। ਅਧਿਕਾਰੀਆਂ ਨੇ ਕਿਹਾ ਕਿ ਹਮਲੇ ਮੌਕੇ ਇਰਾਨ ਨਾਲ ਸਬੰਧਤ ਮਿਲੀਸ਼ੀਆ ਤੇ ਆਈਆਰਜੀਸੀ ਅਮਲਾ ਹੀ ਬੇਸ ’ਤੇ ਮੌਜੂਦ ਸੀ। ਸੀਨੀਅਰ ਰੱਖਿਆ ਅਧਿਕਾਰੀ ਨੇ ਕਿਹਾ ਕਿ ਇਹੀ ਟਿਕਾਣੇ ਚੁਣੇ ਗਏ ਕਿਉਂਕਿ ਆਈਆਰਜੀਸੀ ਦੇ ਇਨ੍ਹਾਂ ਅਸਲਾਖਾਨਿਆਂ ਨੂੰ ਅਮਰੀਕੀ ਅੱਡਿਆਂ ਤੇ ਸੁਰੱਖਿਆ ਬਲਾਂ ਖਿਲਾਫ਼ ਵਰਤਿਆ ਜਾ ਰਿਹਾ ਸੀ। ਪੈਂਟਾਗਨ ਮੁਤਾਬਕ 17 ਅਕਤੂਬਰ ਮਗਰੋਂ ਇਰਾਕ ਤੇ ਸੀਰੀਆ ਵਿਚਲੇ ਅਮਰੀਕੀ ਅੱਡਿਆਂ ਤੇ ਅਮਲੇ ਉੱਤੇ ਘੱਟੋ ਘੱਟ 19 ਹਮਲੇ ਹੋ ਚੁੱਕੇ ਹਨ।
ਉਧਰ ਇਜ਼ਰਾਇਲੀ ਫੌਜ ਨੇ ਲੜਾਕੂ ਜਹਾਜ਼ਾਂ ਤੇ ਡਰੋਨਾਂ ਦੀ ਮਦਦ ਨਾਲ ਗਾਜ਼ਾ ਵਿੱਚ ਜ਼ਮੀਨੀ ਹਮਲਿਆਂ ਦਾ ਅਮਲ ਦੂਜੇ ਦਿਨ ਵੀ ਜਾਰੀ ਰੱਖਿਆ। ਫੌਜ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸ ਨੇ ਗਾਜ਼ਾ ਸ਼ਹਿਰ ਦੇ ਬਾਹਰਵਾਰ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਇਜ਼ਰਾਇਲੀ ਹਮਲਿਆਂ ਵਿੱਚ ਫਲਸਤੀਨੀ ਮੌਤਾਂ ਦੀ ਗਿਣਤੀ 7000 ਦੇ ਅੰਕੜੇ ਨੂੰ ਟੱਪ ਗਈ ਹੈ। ਇਜ਼ਰਾਇਲੀ ਫੌਜ ਨੇ ਕਿਹਾ ਕਿ ਪਿਛਲੇ 24 ਘੰਟਿਆਂ ਦੌਰਾਨ ਜ਼ਮੀਨੀ ਸੁਰੱਖਿਆ ਬਲਾਂ ਨੇ ਗਾਜ਼ਾ ਦੇ ਅੰਦਰ ਵੜ ਕੇ ਦਰਜਨ ਤੋਂ ਵੱਧ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ। ਗਾਜ਼ਾ ਸ਼ਹਿਰ ਨੇੜੇ ਅਲ-ਸ਼ਾਤੀ ਸ਼ਰਨਾਰਥੀ ਕੈਂਪ ਨੇੜਲੀਆਂ 13 ਗਗਨਚੁੰਬੀ ਇਮਾਰਤਾਂ ਮਲਬੇ ਦੇ ਢੇਰ ਵਿੱਚ ਬਦਲ ਗਈਆਂ। ਉਧਰ ਹਮਾਸ ਦੇ ਫੌਜੀ ਵਿੰਗ ਨੇ ਵੀਰਵਾਰ ਨੂੰ ਦਾਅਵਾ ਕੀਤਾ ਹੈ ਕਿ ਇਜ਼ਰਾਇਲੀ ਗੋਲਾਬਾਰੀ ਵਿੱਚ ਹੁਣ ਤੱਕ ਲਗਪਗ 50 ਬੰਧਕ ਮਾਰੇ ਗਏ ਹਨ। ਇਜ਼ਰਾਇਲੀ ਅਧਿਕਾਰੀਆਂ ਨੇ ਹਾਲਾਂਕਿ ਇਸ ਦਾਅਵੇ ਨੂੰ ਲੈ ਕੇ ਫੌਰੀ ਕੋਈ ਪ੍ਰਤੀਕਰਮ ਨਹੀਂ ਦਿੱਤਾ। ਉਧਰ ਲਬਿਨਾਨ ਆਧਾਰਿਤ ਹਿਜ਼ਬੁੱਲ੍ਹਾ ਵੱਲੋਂ ਇਜ਼ਰਾਈਲ ਨਾਲ ਲੱਗਦੀ ਸਰਹੱਦ ’ਤੇ ਗੋਲੀਬਾਰੀ ਜਾਰੀ ਹੈ। ਅਮਰੀਕਾ ਨੇ ਇਰਾਨ ਤੇ ਉਸ ਦੇ ਭਾਈਵਾਲਾਂ ਦੇ ਟਾਕਰੇ ਲਈ ਦੋ ਜੰਗੀ ਜਹਾਜ਼ ਤੇ ਕੁਝ ਵਾਧੂ ਲੜਾਕੂ ਜਹਾਜ਼ ਖਿੱਤੇ ਵਿੱਚ ਭੇਜੇ ਹਨ। -ਏਪੀ
ਜੈਸ਼ੰਕਰ ਵੱਲੋਂ ਓਮਾਨੀ ਹਮਰੁਤਬਾ ਨਾਲ ਚਰਚਾ
ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅੱਜ ਆਪਣੇ ਓਮਾਨੀ ਹਮਰੁਤਬਾ ਬਦਰ ਅਬੂਸੈਦੀ ਨਾਲ ਇਜ਼ਰਾਈਲ-ਹਮਾਸ ਜੰਗ ਬਾਰੇ ਗੱਲਬਾਤ ਕੀਤੀ। ਜੈਸ਼ੰਕਰ ਨੇ ਮਗਰੋਂ ਇੱਕ ਟਵੀਟ ’ਚ ਕਿਹਾ ਕਿ ਗੱਲਬਾਤ ਵਧੀਆ ਰਹੀ ਜਦਕਿ ਅਬੂਸੈਦੀ ਨੇ ਤੁਰੰਤ ਜੰਗਬੰਦੀ ਦੀ ਲੋੜ ’ਤੇ ਜ਼ੋਰ ਦਿੱਤਾ ਹੈ। ਅਬੂਸੈਦੀ ਨੇ ਐਕਸ ’ਤੇ ਇੱਕ ਪੋਸਟ ’ਚ ਕਿਹਾ, ‘‘ਗਾਜ਼ਾ ’ਚ ਤੁਰੰਤ ਜੰਗਬੰਦੀ ਦੀ ਅਹਿਮ ਲੋੜ ਹੈ ਅਤੇ ਕੌਮਾਂਤਰੀ ਕਾਨੂੰਨਾਂ ਦੀ ਪਾਲਣਾ ਕਰਨਾ ਸਾਰਿਆਂ ਦਾ ਫਰਜ਼ ਹੈ।’’ ਜੈਸ਼ੰਕਰ ਇਸ ਤੋਂ ਪਹਿਲਾਂ ਸਾਊਦੀ ਅਰਬ ਤੇ ਯੂਏਈ ਦੇ ਆਪਣੇ ਹਮਰੁਤਬਾਵਾਂ ਨਾਲ ਵੀ ਇਸ ਮਸਲੇ ’ਤੇ ਗੱਲਬਾਤ ਕਰ ਚੁੱਕੇ ਹਨ। ਭਾਰਤ ਨੇ ਦਵਾਈਆਂ ਤੇ ਮੈਡੀਕਲ ਸਾਜ਼ੋ ਸਮਾਨ ਸਣੇ 38 ਟਨ ਰਾਹਤ ਸਮਗਰੀ ਫਲਸਤੀਨੀਆਂ ਲਈ ਭੇਜੀ ਹੈ।
ਵੈਂਗ ਤੇ ਬਲਿੰਕਨ ਵੱਲੋਂ ਵੱਖਰੇਵੇਂ ਦੂਰ ਕਰਨ ਲਈ ‘ਵਿਆਪਕ ਸੰਵਾਦ’ ’ਤੇ ਜ਼ੋਰ
ਵਾਸ਼ਿੰਗਟਨ: ਤਿੰਨ ਰੋਜ਼ਾ ਦੌਰੇ ’ਤੇ ਅਮਰੀਕਾ ਪੁੱਜੇ ਚੀਨ ਦੇ ਵਿਦੇਸ਼ ਮੰਤਰੀ ਵੈਂਗ ਯੀ ਨੇ ਆਪਣੇ ਅਮਰੀਕੀ ਹਮਰੁਤਬਾ ਐਂਟਨੀ ਬਲਿੰਕਨ ਨਾਲ ਰਾਤ ਦੀ ਦਾਅਵਤ ’ਤੇ ਮੁਲਾਕਾਤ ਕੀਤੀ। ਬੈਠਕ ਦੌਰਾਨ ਦੋਵਾਂ ਆਗੂਆਂ ਨੇ ਦੂਰੀਆਂ ਤੇ ਵਖਰੇਵੇਂ ਮਿਟਾਉਣ ਦੇ ਢੰਗ ਤਰੀਕੇ ’ਤੇ ਵਿਚਾਰ ਚਰਚਾ ਕੀਤੀ। ਦੋਵੇਂ ਆਗੂ ਸ਼ੁੱਕਰਵਾਰ ਸਵੇਰ ਨੂੰ ਮੁੜ ਮਿਲੇ। ਸੂਤਰਾਂ ਮੁਤਾਬਕ ਯੀ ਦੀ ਇਸ ਫੇਰੀ ਦਾ ਮੁੱਖ ਮੰਤਵ ਨਵੰਬਰ ਵਿੱਚ ਸਾਂ ਫਰਾਂਸਿਸਕੋ ਵਿੱਚ ਏਸ਼ੀਅਨ-ਪੈਸੇਫਿਕ ਇਕਨੌਮਿਕ ਕੋਆਪਰੇਸ਼ਨ ਆਗੂਆਂ ਦੀ ਮੀਟਿੰਗ ਤੋਂ ਇਕਪਾਸੇ ਸ਼ੀ-ਬਾਇਡਨ ਸਿਖਰ ਵਾਰਤਾ ਲਈ ਮੰਚ ਤਿਆਰ ਕਰਨਾ ਹੈ। ਵੈਂਗ ਨੇ ਵੀਰਵਾਰ ਨੂੰ ਬਲਿੰਕਨ ਨੂੰ ਦੱਸਿਆ ਕਿ ਦੋਵਾਂ ਦੇਸ਼ਾਂ ਵਿਚਲੇ ਵਖਰੇਵਿਆਂ ਤੇ ਗਲਤਫਹਿਮੀਆਂ ਦੂਰ ਕਰਨ ਤੇ ਰਿਸ਼ਤਿਆਂ ਨੂੰ ਸਥਿਰ ਕਰਨ ਲਈ ‘ਵਿਆਪਕ’ ਗੱਲਬਾਤ ਦੀ ਲੋੜ ਹੈ। ਉਨ੍ਹਾਂ ਕਿਹਾ, ‘‘ਸਾਨੂੰ ਨਾ ਸਿਰਫ਼ ਗੱਲਬਾਤ ਮੁੜ ਸ਼ੁਰੂ ਕਰਨੀ ਚਾਹੀਦੀ ਹੈ, ਸਗੋਂ ਸੰਵਾਦ ਡੂੰਘਾ ਤੇ ਵਿਆਪਕ ਹੋਣਾ ਚਾਹੀਦਾ ਹੈ।’