ਪਟਿਆਲਾ 30 ਮਾਰਚ(ਪ੍ਰੈਸ ਕੀ ਤਾਕਤ): ਭਾਸ਼ਾ ਵਿਭਾਗ ਪੰਜਾਬ ਵੱਲੋਂ ਕਰਵਾਇਆ ਗਿਆ ਵਿਸ਼ਵ ਰੰਗ ਮੰਚ ਦਿਵਸ ਨੂੰ ਸਮਰਪਿਤ ਤਿੰਨ ਦਿਨਾ ਨਾਟਕ ਮੇਲਾ ਨਾਟਕਵਾਲਾ ਗਰੁੱਪ ਦੀ ਪੇਸ਼ਕਾਰੀ ‘ਅਰਬਦ ਨਰਬਦ ਧੰਦੂਕਾਰਾ’ ਨਾਟਕ ਦੀ ਸਿਖਰਾਂ ਨੂੰ ਛੂੰਹਦੀ ਪੇਸ਼ਕਾਰੀ ਨਾਲ ਨੇਪਰੇ ਚੜ੍ਹ ਗਿਆ। ਆਖਰੀ ਦਿਨ ਇੱਕ ਹੋਰ ਨਾਟਕ ‘ਅਵੇਸਲੇ ਯੁੱਧਾਂ ਦੀ ਨਾਇਕਾ’ ਨਾਟਕ ਦੀ ਅਲਮਸਤ ਥੀਏਟਰ ਗਰੁੱਪ ਵੱਲੋਂ ਸਫਲ ਪੇਸ਼ਕਾਰੀ ਕੀਤੀ ਗਈ।
ਇੱਥੇ ਮੁੱਖ ਦਫਤਰ ਵਿਖੇ ਵਿਭਾਗ ਦੀ ਸੰਯੁਕਤ ਨਿਰਦੇਸ਼ਕਾ ਡਾ. ਵੀਰਪਾਲ ਕੌਰ ਦੀ ਅਗਵਾਈ ‘ਚ ਥੀਏਟਰ ਫੋਰਮ ਪਟਿਆਲਾ ਦੇ ਸਹਿਯੋਗ ਨਾਲ ਵਿਭਾਗ ਦੇ ਓਪਨ ਏਅਰ ਥੀਏਟਰ ਵਿਖੇ ਆਯੋਜਿਤ ਇਸ ਮੇਲੇ ਦੇ ਆਖਰੀ ਦਿਨ ਉੱਘੇ ਨਾਟਕਕਾਰ ਸਾਹਿਬ ਸਿੰਘ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ ਅਤੇ ਰੰਗਕਰਮੀ ਡਾ. ਲੱਖਾ ਲਹਿਰੀ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ। ਸਹਾਇਕ ਨਿਰਦੇਸ਼ਕ ਅਮਰਿੰਦਰ ਸਿੰਘ ਤੇ ਸੁਰਿੰਦਰ ਕੌਰ ਦੀ ਦੇਖ-ਰੇਖ ‘ਚ ਆਖਰੀ ਦਿਨ ਦੇ ਨਾਟਕਾਂ ਤੋਂ ਪਹਿਲਾ ਸਹਾਇਕ ਨਿਰਦੇਸ਼ਕ ਸਤਨਾਮ ਸਿੰਘ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਵਿਭਾਗ ਦੀ 75ਵੀਂ ਵਰੇਗੰਢ ਦੇ ਸਬੰਧਤ ‘ਚ ਕਰਵਾਏ ਜਾ ਗਏ ਨਾਟਕ ਮੇਲੇ ਬਾਰੇ ਮਹਿਮਾਨਾਂ ਤੇ ਦਰਸ਼ਕਾਂ ਨੂੰ ਜਾਣਕਾਰੀ ਦਿੱਤੀ।
ਆਪਣੇ ਪ੍ਰਧਾਨਗੀ ਭਾਸ਼ਨ ‘ਚ ਡਾ. ਸਾਹਿਬ ਸਿੰਘ ਨੇ ਕਿਹਾ ਕਿ ਇਸ ਸਮੇਂ ਪੰਜਾਬ ‘ਚ ਰੰਗਮੰਚ ਨਾਲ ਸਬੰਧਤ ਬਹੁਤ ਸਰਗਰਮੀਆਂ ਹੋ ਰਹੀਆਂ ਹਨ ਅਤੇ ਦਰਸ਼ਕਾਂ ਵੱਲੋਂ ਵਧੀਆ ਹੁੰਗਾਰਾ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋੜ ਹੈ ਔਰਤਾਂ ਨੂੰ ਸਮਾਜਿਕ ਬਰਾਬਰੀ ਦੇਣ, ਨਿਤਾਣਿਆਂ ਤੇ ਨਿਮਾਣਿਆਂ ਨੂੰ ਮਾਣ ਦੇਣ ਵਰਗੇ ਵਿਸ਼ਿਆਂ ‘ਤੇ ਨਾਟਕ ਲਿਖੇ ਤੇ ਖੇਡੇ ਜਾਣ। ਉਨ੍ਹਾਂ ਕਿਹਾ ਰੰਗਮੰਚ ਸਮਾਜ ਦਾ ਸ਼ੀਸ਼ਾ ਹੈ ਜੋ ਸਮਾਜ ਨੂੰ ਹਰ ਸਚਾਈ ਦੇ ਰੂਬਰੂ ਕਰਨ ਦੀ ਸਮਰੱਥਾ ਰੱਖਦਾ ਹੈ। ਉਨ੍ਹਾਂ ਭਾਸ਼ਾ ਵਿਭਾਗ ਵੱਲੋਂ ਪੰਜਾਬੀ ਮਾਤ ਭਾਸ਼ਾ ਦੇ ਪ੍ਰਚਾਰ ਪ੍ਰਸਾਰ ਅਤੇ ਰੰਗਮੰਚ ਨੂੰ ਉਤਸ਼ਾਹਿਤ ਕਰਨ ਲਈ ਕੀਤੇ ਜਾਣ ਵਾਲੇ ਉੱਦਮਾਂ ਦੀ ਸ਼ਲਾਘਾ ਕੀਤੀ। ਡਾ. ਲੱਖਾ ਲਹਿਰੀ ਨੇ ਕਿਹਾ ਵਿਸ਼ਵ ਰੰਗਮੰਚ ਸਬੰਧੀ ਪੰਜਾਬ ‘ਚ ਤਕਰੀਬਨ ਸਾਰਾ ਮਾਰਚ ਮਹੀਨਾ ਸਰਗਰਮੀਆਂ ਚੱਲਣੀਆਂ ਸ਼ੁਭ ਸ਼ਗਨ ਹੈ। ਇਹ ਹੋਰ ਵੀ ਵਧਣੀਆਂ ਚਾਹੀਦੀਆਂ ਹਨ ਅਤੇ ਉਨ੍ਹਾਂ ਭਾਸ਼ਾ ਵਿਭਾਗ ਨੂੰ ਅਪੀਲ ਕੀਤੀ ਕਿ ਨਾਟਕ ਮੇਲਾ ਹਰ ਸਾਲ ਕਰਵਾਇਆ ਜਾਵੇ।
ਇਸ ਮੌਕੇ ਕਵਿਤਾ ਸ਼ਰਮਾ ਹੋਰਾਂ ਦੇ ਨਾਟਕਵਾਲਾ ਗਰੁੱਪ ਵੱਲੋਂ ਰਾਜੇਸ਼ ਸ਼ਰਮਾ ਦੀ ਨਿਰਦੇਸ਼ਨਾ ‘ਚ ਪ੍ਰੋ. ਅਜਮੇਰ ਔਲਖ ਦਾ ਲਿਖਿਆ ਨਾਟਕ ‘ਅਰਬਦ ਨਰਬਦ ਧੰਦੂਕਾਰਾ’ ਖੇਡਿਆ ਗਿਆ। ਜੋ ਨਾਟਕ ਮੇਲੇ ਦਾ ਸਿਖਰ ਹੋ ਨਿੱਬੜਿਆ। ਪੰਜਾਬੀ ਖਿੱਤੇ ਦੀਆਂ ਪ੍ਰੀਤ ਕਹਾਣੀਆਂ ਦੇ ਨਾਇਕਾ ਰਾਹੀਂ ਰੋਜੀ-ਰੋਟੀ ਦੇ ਮਸਲੇ ਦੀ ਬਾਤ ਪਾਉਣ ਵਾਲਾ ਇਹ ਨਾਟਕ ਹੱਕਾਂ ਲਈ ਜੂਝਣ ਦਾ ਹੋਕਾ ਦੇ ਗਿਆ। ਇਸ ਨਾਟਕ ‘ਚ ਨਰਵਿੰਦਰ ਨੇ ਮਿਰਜੇ, ਅਮਨ ਨੇ ਰਾਂਝੇ, ਲਵਪ੍ਰੀਤ ਕਸਿਆਣਾ ਨੇ ਮਜਨੂੰ, ਗਗਨ ਨੇ ਫਰਿਆਦ, ਦੀਪ ਨੇ ਕਾਲੇ ਚੋਲੇ, ਅਭੀ ਰਾਜ ਨੇ ਪੰਨੂ ਤੇ ਸ਼ਿਵਮ ਸ਼ਰਮਾ ਨੇ ਇੰਦਰ ਦੀਆਂ ਭੂਮਿਕਾਵਾਂ ਬਾਖੂਬੀ ਨਿਭਾਈਆਂ। ਅਲਮਸਤ ਥੀਏਟਰ ਗਰੁੱਪ ਵੱਲੋਂ ਗੁਰਪ੍ਰਗਟ ਸਿੰਘ ਦੀ ਨਿਰਦੇਸ਼ਨਾ ‘ਚ ਦੂਸਰੇ ਨਾਟਕ ‘ਅਵੇਸਲੇ ਯੁੱਧਾਂ ਦੀ ਨਾਇਕਾ’ ਦੀ ਵਧੀਆ ਪੇਸ਼ਕਾਰੀ ਕੀਤੀ ਗਈ। ਨਸ਼ਿਆਂ ਖਿਲਾਫ ਅਵਾਜ਼ ਬੁਲੰਦ ਕਰਨ ਵਾਲੇ ਇਸ ਨਾਟਕ ‘ਚ ਗੁਰਪ੍ਰਗਟ ਸਿੰਘ ਨੇ ਅਮਲੀ ਪਤੀ ਤੇ ਰਾਜ ਸ਼੍ਰੀ ਨੇ ਪਤਨੀ ਦੀਆਂ ਕੇਂਦਰੀ ਭੂਮਿਕਾਵਾਂ ਬਾਖੂਬੀ ਨਿਭਾਈਆਂ। ਇਸ ਤੋਂ ਇਲਾਵਾ ਜਗਦੀਸ਼ ਕੁਮਾਰ, ਸੰਦੀਪ, ਰਸਨ, ਸਾਹਿਬ ਤੇ ਨਵਨੀਤ ਨੇ ਵੀ ਅਹਿਮ ਕਿਰਦਾਰ ਨਿਭਾਏ।
ਇਸ ਮੌਕੇ ਜ਼ਿਲ੍ਹਾ ਭਾਸ਼ਾ ਅਫ਼ਸਰ ਚੰਦਨਦੀਪ ਕੌਰ, ਸਹਾਇਕ ਨਿਰਦੇਸ਼ਕ ਸਤਨਾਮ ਸਿੰਘ, ਆਲੋਕ ਚਾਵਲਾ, ਤੇਜਿੰਦਰ ਸਿੰਘ ਗਿੱਲ, ਸੁਖਪ੍ਰੀਤ ਕੌਰ, ਅਮਰਿੰਦਰ ਸਿੰਘ, ਸੁਰਿੰਦਰ ਕੌਰ, ਜਸਪ੍ਰੀਤ ਕੌਰ, ਰੰਗਕਰਮੀ ਵਿਨੋਦ ਕੌਸ਼ਲ ਸਮੇਤ ਵੱਡੀ ਗਿਣਤੀ ਵਿੱਚ ਦਰਸ਼ਕ ਮੌਜੂਦ ਸਨ। ਮੰਚ ਸੰਚਾਲਨ ਡਾ. ਮਨਜਿੰਦਰ ਸਿੰਘ ਨੇ ਕੀਤਾ। ਵਿਭਾਗ ਵੱਲੋਂ ਮਹਿਮਾਨਾਂ ਤੇ ਕਲਾਕਾਰਾਂ ਨੂੰ ਪੁਸਤਕਾਂ ਤੇ ਸ਼ਾਲਾਂ ਨਾਲ ਸਨਮਾਨਿਤ ਕੀਤਾ ਗਿਆ।
ਤਸਵੀਰ- ਭਾਸ਼ਾ ਵਿਭਾਗ ਵੱਲੋਂ ਕਰਵਾਏ ਨਾਟਕ ਮੇਲੇ ਦੇ ਆਖਰੀ ਦਿਨ ਨਾਟਕਕਾਰ ਡਾ. ਸਾਹਿਬ ਸਿੰਘ, ਡਾ. ਲੱਖਾ ਲਹਿਰੀ, ਰਾਜੇਸ਼ ਸ਼ਰਮਾ ਤੇ ਗੁਰਪ੍ਰਗਟ ਸਿੰਘ ਨੂੰ ਸਨਮਾਨਿਤ ਕਰਦੇ ਹੋਏ ਸਹਾਇਕ ਨਿਰਦੇਸ਼ਕ ਸਤਨਾਮ ਸਿੰਘ, ਅਮਰਿੰਦਰ ਸਿੰਘ ਤੇ ਸੁਰਿੰਦਰ ਕੌਰ। ਦੂਸਰੀ ਤੇ ਤੀਸਰੀ ਤਸਵੀਰ ‘ਚ ਨਾਟਕ ‘ਅਰਬਦ ਨਰਬਦ ਧੰਦੂਕਾਰਾ’ ਤੇ ‘ਅਵੇਸਲੇ ਯੁੱਧਾਂ ਦੀ ਨਾਇਕਾ’ ਦੀਆਂ ਝਲਕੀਆਂ।