ਕੁਸ਼ਤੀ ਦੀ ਵਿਸ਼ਵ ਸੰਚਾਲਨ ਸੰਸਥਾ ਯੂਨਾਈਟਿਡ ਵਰਲਡ ਰੈਸਲਿੰਗ(ਯੂਡਬਲਿਊ ਡਬਲਿਊ) ਨੇ ਭਾਰਤੀ ਕੁਸ਼ਤੀ ਮਹਾਸੰਘ ਨੂੰ ਸਮੇਂ ‘ਤੇ ਚੋਣਾਂ ਨਾ ਕਰਵਾਉਣ ਕਾਰਨ ਮੁਅੱਤਲ ਕਰ ਦਿੱਤਾ ਹੈ। ਇਸ ਨਾਲ ਭਾਰਤੀ ਪਹਿਲਵਾਨਾਂ ਨੂੰ ਆਗਾਮੀ ਵਿਸ਼ਵ ਚੈਂਪੀਅਨਸ਼ਿਪ ਵਿੱਚ ਭਾਰਤੀ ਝੰਡੇ ਹੇਠ ਮੁਕਾਬਲਾ ਕਰਨ ਦੀ ਇਜਾਜ਼ਤ ਨਹੀਂ ਮਿਲੇਗਾ। ਭਾਰਤੀ ਪਹਿਲਵਾਨਾਂ ਨੂੰ 16 ਸਤੰਬਰ ਤੋਂ ਸ਼ੁਰੂ ਹੋਣ ਵਾਲੀ ਓਲੰਪਿਕ-ਕੁਆਲੀਫਾਇੰਗ ਵਿਸ਼ਵ ਚੈਂਪੀਅਨਸ਼ਿਪ ਵਿੱਚ ‘ਨਿਰਪੱਖ ਅਥਲੀਟਾਂ’ ਵਜੋਂ ਮੁਕਾਬਲਾ ਕਰਨਾ ਹੋਵੇਗਾ ਕਿਉਂਕਿ ਭੁਪਿੰਦਰ ਸਿੰਘ ਬਾਜਵਾ ਦੀ ਅਗਵਾਈ ਵਾਲੇ ਐਡ-ਹਾਕ ਪੈਨਲ ਨੇ ਚੋਣਾਂ ਕਰਵਾਉਣ ਲਈ ਤੈਅ 45 ਦਿਨਾਂ ਦੀ ਸਮਾਂ ਸੀਮਾ ਨੂੰ ਟਪਾ ਦਿੱਤਾ ਹੈ। ਆਈਓਏ ਨੇ 27 ਅਪਰੈਲ ਨੂੰ ਐਡ-ਹਾਕ ਪੈਨਲ ਦੀ ਨਿਯੁਕਤੀ ਕੀਤੀ ਸੀ ਅਤੇ ਕਮੇਟੀ ਨੇ 45 ਦਿਨਾਂ ਦੇ ਅੰਦਰ ਚੋਣਾਂ ਕਰਾਉਣੀਆਂ ਸਨ। ਯੂਡਬਲਿਊ ਡਬਲਿਊ ਨੇ 28 ਅਪਰੈਲ ਨੂੰ ਚੇਤਾਵਨੀ ਦਿੱਤੀ ਸੀ ਕਿ ਜੇ ਚੋਣਾਂ ਕਰਵਾਉਣ ਦੀ ਸਮਾਂ ਸੀਮਾ ਦਾ ਸਨਮਾਨ ਨਾ ਕੀਤਾ ਗਿਆ ਤਾਂ ਉਹ ਭਾਰਤੀ ਕੁਸ਼ਤੀ ਮਹਾਸੰਘ ਨੂੰ ਮੁਅੱਤਲ ਕਰ ਸਕਦੀ ਹੈ।