ਨਵਂੀਂ ਦਿੱਲੀ, 5 ਫਰਵਰੀ: ਦਿੱਲੀ ਅਸੈਂਬਲੀ ਦੀਆਂ 70 ਸੀਟਾਂ ਲਈ ਸਵੇਰੇ 7 ਵਜੇ ਵੋਟਿੰਗ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਸਵੇਰੇ 11 ਵਜੇ ਤੱਕ 20 ਫੀਸਦ ਪੋਲਿੰਗ ਦਰਜ ਕੀਤੀ ਗਈ ਹੈ, ਜਿਸ ਵਿੱਚ ਮੁੱਖ ਮੁਕਾਬਲਾ ਆਮ ਆਦਮੀ ਪਾਰਟੀ, ਭਾਜਪਾ ਅਤੇ ਕਾਂਗਰਸ ਦਰਮਿਆਨ ਹੈ। ਆਮ ਆਦਮੀ ਪਾਰਟੀ, ਜੋ ਕਿ ਆਪਣੀਆਂ ਲੋਕ ਭਲਾਈ ਸਕੀਮਾਂ ਦੇ ਆਧਾਰ ‘ਤੇ ਤੀਜੀ ਵਾਰ ਸੱਤਾ ਵਿੱਚ ਆਉਣ ਦੀ ਕੋਸ਼ਿਸ਼ ਕਰ ਰਹੀ ਹੈ, ਭਾਜਪਾ ਅਤੇ ਕਾਂਗਰਸ ਦੇ ਮੁਕਾਬਲੇ ਵਿੱਚ ਖੜੀ ਹੈ, ਜੋ ਕਿ ਮੁੜ ਤੋਂ ਸਿਆਸੀ ਮੰਚ ‘ਤੇ ਆਪਣੀ ਪਛਾਣ ਬਣਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਇਨ੍ਹਾਂ ਚੋਣਾਂ ਵਿੱਚ ਵੋਟਿੰਗ ਲਈ ਲਗਭਗ 1.56 ਕਰੋੜ ਯੋਗ ਵੋਟਰ ਹਨ, ਜੋ ਕਿ 699 ਉਮੀਦਵਾਰਾਂ ਦੀ ਸਿਆਸੀ ਕਿਸਮਤ ਦਾ ਫੈਸਲਾ ਕਰਨਗੇ। ਪੋਲਿੰਗ ਲਈ ਕੁੱਲ 13,766 ਪੋਲਿੰਗ ਬੂਥ ਸਥਾਪਿਤ ਕੀਤੇ ਗਏ ਹਨ, ਜਿੱਥੇ ਵੋਟਾਂ ਦਾ ਅੰਕੜਾ ਸ਼ਾਮ 6 ਵਜੇ ਤੱਕ ਪੈਣਾ ਹੈ।
ਰਾਸ਼ਟਰਪਤੀ ਦਰੋਪਦੀ ਮੁਰਮੂ, ਕਾਂਗਰਸੀ ਆਗੂ ਰਾਹੁਲ ਗਾਂਧੀ, ਸੰਦੀਪ ਦੀਕਸ਼ਿਤ ਅਤੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਸਮੇਤ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ, ਆਮ ਆਦਮੀ ਪਾਰਟੀ ਦੇ ਮਨੀਸ਼ ਸਿਸੋਦੀਆ ਅਤੇ ਥਲ ਸੈਨਾ ਮੁਖੀ ਜਨਰਲ ਉਪੇਂਦਰ ਦਿਵੇਦੀ ਨੇ ਅੱਜ ਸਵੇਰੇ ਚੋਣ ਬੂਥਾਂ ‘ਤੇ ਜਾ ਕੇ ਵੋਟਾਂ ਪਾਈਆਂ। ਨਵੀਂ ਦਿੱਲੀ ਹਲਕੇ ਤੋਂ ਉਮੀਦਵਾਰ ਸੰਦੀਪ ਦੀਕਸ਼ਿਤ ਨੇ ਜੰਗਪੁਰਾ ਹਲਕੇ ਵਿੱਚ ਆਪਣੀ ਵੋਟ ਪਾਈ।

