ਜਲ ਸਰੋਤ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਪਿੰਡ ਟਿਵਾਣਾ ਤੇ ਅਮਲਾਲਾ ਵਿਖੇ ਘੱਗਰ ਦਰਿਆ ਦਾ ਦੌਰਾ
ਚੰਡੀਗੜ੍ਹ, 14 ਜੁਲਾਈ (ਪ੍ਰੈਸ ਕੀ ਤਾਕਤ ਬਿਊਰੋ)- ਪੰਜਾਬ ਦੇ ਜਲ ਸਰੋਤ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਸੂਬੇ ਅਤੇ ਪਹਾੜਾਂ ਵਿੱਚ ਪਏ ਮੋਹਲੇਧਾਰ ਮੀਂਹ ਕਾਰਨ ਘੱਗਰ ਦਰਿਆ ਵਿੱਚ ਰਿਕਾਰਡ ਪਾਣੀ ਦਾ ਪੱਧਰ ਵਧਣ ਕਾਰਨ ਹੋਏ ਨੁਕਸਾਨ ਅਤੇ ਵੱਖ-ਵੱਖ ਥਾਂਵਾਂ ਉਤੇ ਪਏ ਪਾੜ ਪੂਰਨ ਲਈ ਜੰਗੀ ਪੱਧਰ ਉਤੇ ਕੀਤੇ ਜਾ ਰਹੇ ਬਚਾਅ ਤੇ ਰਾਹਤ ਕਾਰਜਾਂ ਦਾ ਜਾਇਜ਼ਾ ਲੈਣ ਲਈ ਇੱਥੋੰ ਨੇੜਲੇ ਪਿੰਡ ਟਿਵਾਣਾ ਤੇ ਅਮਲਾਲਾ ਵਿਖੇ ਘੱਗਰ ਦਰਿਆ ਦਾ ਦੌਰਾ ਕੀਤਾ।
ਮੀਤ ਹੇਅਰ ਨੇ ਡੇਰਾਬਸੀ ਤੋਂ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਦੇ ਨਾਲ ਜਾ ਕੇ ਟਿਵਾਣਾ ਵਿਖੇ ਦਰਿਆ ਵਿੱਚ ਪਏ ਪਾੜ ਨੂੰ ਪੂਰਨ ਦੇ ਕੰਮ ਦੇਖਿਆ। ਪਿੰਡ ਵਾਸੀਆਂ ਨੂੰ ਮਿਲ ਕੇ ਫਸਲਾਂ ਨੂੰ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਅਤੇ ਅਮਲਾਲਾ ਵਿਖੇ ਘੱਗਰ ਦਰਿਆ ਉਤੇ ਬਣੇ ਪੁੱਲ ਨੂੰ ਹੋਏ ਨੁਕਸਾਨ ਨੂੰ ਵੀ ਵੇਖਿਆ।
ਸਰਕਾਰ ਦੇ ਨੁਮਾਇੰਦੇ ਅਤੇ ਪ੍ਰਸ਼ਾਸਨ ਦਿਨ-ਰਾਤ ਲੋਕਾਂ ਦੀ ਸੇਵਾ ਵਿੱਚ ਜੁਟਿਆ ਹੋਇਆ ਹੈ। ਉਨ੍ਹਾਂ ਇਸ ਕੁਦਰਤੀ ਆਫਤ ਕਾਰਨ ਪੈਦਾ ਹੋਈ ਔਖੀ ਘੜੀ ਵਿੱਚ ਲੋਕ ਸੇਵਾ ਵਿੱਚ ਜੁਟੀਆਂ ਸਾਰੀਆਂ ਧਾਰਮਿਕ, ਸਮਾਜਿਕ ਸੰਸਥਾਵਾਂ ਦਾ ਵੀ ਧੰਨਵਾਦ ਕੀਤਾ।
ਜਲ ਸਰੋਤ ਮੰਤਰੀ ਨੇ ਦੱਸਿਆ ਕਿ ਵਿਭਾਗ ਵੱਲੋਂ ਸਥਾਨਕ ਜ਼ਿਲਾ ਪ੍ਰਸ਼ਾਸਨ, ਸੈਨਾ ਤੇ ਐਨ.ਡੀ.ਆਰ.ਐਫ. ਦੀ ਮੱਦਦ ਨਾਲ ਪਾੜ ਪੂਰਨ ਦੇ ਕੰਮ ਜੰਗੀ ਪੱਧਰ ਉਤੇ ਕੀਤੇ ਜਾ ਰਹੇ ਹਨ।
ਪਿੰਡ ਡਹਿਰ ਤੋਂ ਟਿਵਾਣਾ ਤੱਕ ਘੱਗਰ ਦੇ ਬੰਨ੍ਹਾਂ ਉੱਤੇ ਚੱਲ ਰਹੇ ਕੰਮਾਂ ਦੇ ਵੇਰਵੇ ਦਿੰਦਿਆਂ ਦੱਸਿਆ ਕਿ ਪੰਜ ਪੋਕਲੇਨ ਮਸ਼ੀਨਾਂ, ਦੋ ਟਰੈਕਟਰ-ਟਰਾਲੀਆਂ, ਦੋ ਕਰਾਹ ਟਰੈਕਟਰ ਤੇ 10 ਟਿੱਪਰ ਕੰਮ ਕਰ ਰਹੇ ਹਨ। ਸਵਾ ਲੱਖ ਲੱਖ ਥੈਲਿਆਂ ਦੇ ਪ੍ਰਬੰਧ ਤੋੰ ਇਲਾਵਾ 10 ਹਜ਼ਾਰ ਤੋਂ ਵੱਧ ਖਾਲੀ ਬੈਗ ਭਰੇ ਜਾ ਚੁੱਕੇ ਹਨ।ਕਰੇਟ ਬਣਾਉਣ ਲਈ ਰੱਸੀਆਂ ਦੇ ਜਾਲ ਬੁਣੇ ਜਾ ਰਹੇ ਹਨ। 250 ਤੋਂ ਵੱਧ ਮਜ਼ਦੂਰ ਕੰਮ ਕਰ ਰਹੇ ਹਨ। ਜੇਕਰ ਹੋਰ ਵੀ ਕਿਸੇ ਸਮਾਨ ਜਾਂ ਮਜ਼ਦੂਰਾਂ ਦੀ ਲੋੜ ਪਈ ਤਾਂ ਉਹ ਮੱਦਦ ਵੀ ਤੁਰੰਤ ਮੁਹੱਈਆ ਕਰਵਾਈ ਜਾਵੇਗੀ। ਇਸੇ ਤਰ੍ਹਾਂ ਟਾਂਗਰੀ ਨਦੀ ਦੇ ਬੰਨ੍ਹ ਦੀ ਰਿਪੇਅਰ ਲਈ ਦੋ ਜੇਸੀਬੀ, ਇਕ ਪੋਕਲੇਨ ਮਸ਼ੀਨ ਅਤੇ ਦੋ ਟਰੈਕਟਰ ਟਰਾਲੀਆਂ ਕੰਮ ਕਰ ਰਹੀਆਂ ਹਨ।
ਇਸ ਮੌਕੇ ਐਸ.ਡੀ.ਐਮ. ਹਿਮਾਂਸ਼ੂ ਗੁਪਤਾ, ਏ.ਐਸ.ਪੀ. ਡਾ ਦਰਪਣ ਆਹਲੂਵਾਲੀਆ, ਜਲ ਸਰੋਤ ਵਿਭਾਗ ਦੇ ਐਸ.ਈ. ਮਨੋਜ ਬਾਂਸਲ ਸਣੇ ਸਬੰਧਤ ਅਧਿਕਾਰੀ ਹਾਜ਼ਰ ਸਨ।