ਪ੍ਰਧਾਨ ਮੰਤਰੀ ਨੇਤਨਯਾਹੂ ਨੇ ਕਿਹਾ ਕਿ ਇਜ਼ਰਾਈਲ ਹਮਾਸ ਨਾਲ ਜਾਰੀ ਜੰਗ ਮੁੱਕਣ ਮਗਰੋਂ ਗਾਜ਼ਾ ਵਿੱਚ ਅਣਮਿੱਥੇ ਤੌਰ ’ਤੇ ‘ਮੁਕੰਮਲ ਸੁਰੱਖਿਆ ਜ਼ਿੰਮੇਵਾਰੀ’ ਲੈਣ ਲਈ ਤਿਆਰ ਹੈ। ਏਬੀਸੀ ਨਿਊਜ਼ ਨੂੰ ਦਿੱਤੀ ਇੰਟਰਵਿਊ, ਜੋ ਸੋਮਵਾਰ ਰਾਤ ਨੂੰ ਪ੍ਰਸਾਰਤਿ ਕੀਤੀ ਗਈ, ਵਿੱਚ ਨੇਤਨਯਾਹੂ ਨੇ ਕਿਹਾ ਕਿ ਉਹ ਵਿਚ ਵਿਚਾਲੇ ਜੰਗ ਨੂੰ ‘ਛੋਟੇ ਛੋਟੇ ਵਿਰਾਮ’ ਦੇਣ ਲਈ ਵੀ ਤਿਆਰ ਹਨ ਤਾਂ ਕਿ ਗਾਜ਼ਾ ਵਿੱਚ ਰਸਦ ਤੇ ਹੋਰ ਜ਼ਰੂਰੀ ਸਪਲਾਈ ਜਾਂ ਹਮਾਸ ਵੱਲੋਂ ਅਗਵਾ ਕੀਤੇ 240 ਤੋਂ ਵੱਧ ਬੰਧਕਾਂ ਦੀ ਰਿਹਾਈ ਯਕੀਨੀ ਬਣਾਈ ਜਾ ਸਕੇ। ਇਜ਼ਰਾਇਲੀ ਪ੍ਰਧਾਨ ਮੰਤਰੀ ਨੇ ਹਾਲਾਂਕਿ ਸਾਰੇ ਬੰਧਕਾਂ ਦੀ ਰਿਹਾਈ ਤੋਂ ਬਗੈਰ ਜੰੰਗਬੰਦੀ ਦੀ ਕਿਸੇ ਵੀ ਸੰਭਾਵਨਾ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ। ਇਜ਼ਰਾਇਲੀ ਹਮਲਿਆਂ ਵਿੱਚ ਪੂਰਾ ਗਾਜ਼ਾ ਸ਼ਹਿਰ ਮਲਬੇ ਵਿੱਚ ਤਬਦੀਲ ਹੋ ਚੁੱਕਾ ਹੈ। ਗਾਜ਼ਾ ਦੇ 23 ਲੱਖ ਲੋਕਾਂ ਵਿਚੋਂ 70 ਫੀਸਦ ਆਪਣੇ ਘਰ-ਬਾਰ ਛੱਡ ਚੁੱਕੇ ਹਨ। ਇਨ੍ਹਾਂ ਵਿਚੋਂ ਬਹੁਗਿਣਤੀ ਨੇ ਦੱਖਣੀ ਹਿੱਸੇ ਵੱਲ ਕੂਚ ਕੀਤਾ, ਪਰ ਉਸ ਹਿੱਸੇ ਵਿਚ ਵੀ ਬੰਬਾਰੀ ਜਾਰੀ ਹੈ। ਇਜ਼ਰਾਇਲੀ ਫੌਜ ਦੀ ਘੇਰਾਬੰਦੀ ਕਰਕੇ ਖੁਰਾਕ, ਦਵਾਈਆਂ, ਈਂਧਣ ਤੇ ਪਾਣੀ ਦੀ ਵੱਡੀ ਕਮੀ ਹੈ। ਸੰਯੁੁਕਤ ਰਾਸ਼ਟਰ ਵੱਲੋਂ ਸਕੂਲਾਂ ਵਿਚ ਚਲਾਏ ਜਾ ਰਹੇ ਰੈਣ-ਬਸੇਰੇ ਲੋਕਾਂ ਨਾਲ ਨੱਕੋ-ਨੱਕ ਭਰੇ ਹਨ। ਹਮਾਸ ਦੇ ਸਿਹਤ ਮੰਤਰਾਲੇ ਮੁਤਾਬਕ ਇਜ਼ਰਾਇਲੀ ਹਮਲਿਆਂ ਵਿੱਚ ਮਰਨ ਵਾਲੇ ਫਲਸਤੀਨੀਆਂ ਦੀ ਗਿਣਤੀ 10 ਹਜ਼ਾਰ ਨੂੰ ਟੱਪ ਗਈ ਹੈ, ਜਿਨ੍ਹਾਂ ਵਿੱਚ 4100 ਤੋਂ ਵੱਧ ਨਾਬਾਲਗ ਹਨ। 2300 ਤੋਂ ਵੱਧ ਲੋਕ ਲਾਪਤਾ ਹਨ ਤੇ ਮੰਨਿਆ ਜਾਂਦਾ ਹੈ ਕਿ ਉਹ ਖੰਡਰ ਬਣੀਆਂ ਇਮਾਰਤਾਂ ਦੇ ਮਲਬੇ ਹੇਠ ਦਫ਼ਨ ਹਨ। ਉਧਰ ਇਜ਼ਰਾਈਲ ਨੇ ਹਮਾਸ ਦੇ ਹਮਲਿਆਂ ਵਿਚ 1400 ਦੇ ਕਰੀਬ ਲੋਕਾਂ ਦੀ ਮੌਤ ਦਾ ਦਾਅਵਾ ਕੀਤਾ ਹੈ, ਜਿਨ੍ਹਾਂ ਵਿਚ ਬਹੁਗਿਣਤੀ ਆਮ ਨਾਗਰਿਕ ਹਨ। ਇਜ਼ਰਾਇਲੀ ਫੌਜਾਂ ਦਾ ਸਾਰਾ ਧਿਆਨ ਇਸ ਵੇਲੇ ਗਾਜ਼ਾ ਸ਼ਹਿਰ ਸਣੇ ਉੱਤਰੀ ਗਾਜ਼ਾ ਵੱਲ ਹੈ, ਜੋ ਜੰਗ ਤੋਂ ਪਹਿਲਾਂ ਕਰੀਬ ਸਾਢੇ ਛੇ ਲੱਖ ਲੋਕਾਂ ਦਾ ਘਰ ਸੀ। ਇਸ ਦੌਰਾਨ ਇਜ਼ਰਾਈਲ ਨੇ ਨੌਜਵਾਨ ਫਲਸਤੀਨੀ ਕਾਰਕੁਨ ਅਹਿਦ ਤਮੀਮੀ ਨੂੰ ਸੋਮਵਾਰ ਵੱਡੇ ਤੜਕੇ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਤਮੀਮੀ, ਜੋ ਹੁਣ 22 ਸਾਲਾਂ ਦੀ ਹੈ, ਅੱਠ ਮਹੀਨੇ ਜੇਲ੍ਹ ਵਿਚ ਰਹਿਣ ਮੌਕੇ ਇਕ ਸਿਪਾਹੀ ਨੂੰ ਥੱਪੜ ਮਾਰਨ ਕਰ ਕੇ ਸੁਰਖੀਆਂ ’ਚ ਆਈ ਸੀ। ਉਧਰ ਅਮਰੀਕਾ ਦੇ ਸੀਆਈਏ ਡਾਇਰੈਕਟਰ ਵਿਲੀਅਮ ਬਰਨਜ਼ ਨੇ ਮੱਧ ਪੂਰਬ ਦੀ ਆਪਣੀ ਫੇਰੀ ਮੌਕੇ ਇੰਟੈਲੀਜੈਂਸ ਭਾਈਵਾਲਾਂ ਤੇ ਵੱਖ ਵੱਖ ਮੁਲਕਾਂ ਦੇ ਆਗੂਆਂ ਨਾਲ ਮੁਲਾਕਾਤ ਕਰਕੇ ਇਜ਼ਰਾਇਲ-ਹਮਾਸ ਜੰਗ ਬਾਰੇ ਚਰਚਾ ਕੀਤੀ। ਉਧਰ ਦੱਖਣੀ ਅਫ਼ਰੀਕਾ ਨੇ ਇਜ਼ਰਾਈਲ ਵਿਚਲੇ ਆਪਣੇ ਕੂਟਨੀਤਕ ਮਿਸ਼ਨ ਨੂੰ ਵਾਪਸ ਸੱਦ ਲਿਆ ਹੈ। ਦੱਖਣੀ ਅਫਰੀਕਾ ਨੇ ਇਜ਼ਰਾਈਲ ’ਤੇ ਗਾਜ਼ਾ ਵਿੱਚ ਨਸਲਕੁਸ਼ੀ ਦਾ ਦੋਸ਼ ਲਾਇਆ ਸੀ।