ਪਟਿਆਲਾ, 27 ਸਤੰਬਰ:
ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਡਾ: ਗੁਰਦਰਸ਼ਨ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 28 ਸਤੰਬਰ ਨੂੰ ਵਿਸ਼ਵ ਪੱਧਰ ਤੇ ਵਲਡ ਰੈਬੀਜ਼ ਡੇਅ ਮਨਾਇਆ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਰੈਬੀਜ ਮੁੱਖ ਤੌਰ ਤੇ ਪਾਗਲ ਕੁੱਤੇ ਦੇ ਕੱਟਣ ਨਾਲ ਹੁੰਦੀ ਹੈ ਪਰ ਟੁੱਟੀ ਹੋਈ ਚਮੜੀ (ਚਮੜੀ ਵਿੱਚ ਕਿਸੇ ਵੀ ਕਿਸਮ ਦੀ ਦਰਾਰ) ਅਤੇ ਮਿਊਕਸ ਮੈਬਰੇਨ ਤੇ ਸੰਕਰਮਿਤ ਲਾਰ ਪੈ ਜਾਣ ਨਾਲ ਵੀ ਰੈਬੀਜ਼ (ਹਲਕਾ) ਦੀ ਬਿਮਾਰੀ ਹੋ ਸਕਦੀ ਹੈ। ਇੱਕ ਵਾਰ ਪਸੂਆਂ ਜਾ ਮੁੱਨਖਾ ਵਿੱਚ ਨਿਊਰੋਲੋਜੀਕਲ ਲੱਛਣ ਪੈਦਾ ਹੋ ਜਾਣ ਤਾ ਇਹ ਬਿਮਾਰੀ ਮਾਰੂ ਹੀ ਸਾਬਤ ਹੁੰਦੀ ਹੈ।
ਡਾ: ਗੁਰਦਰਸ਼ਨ ਸਿੰਘ ਨੇ ਦੱਸਿਆ ਕਿ ਜੇਕਰ ਕੁੱਤਿਆ ਦੇ ਵੈਕਸੀਨੇਸ਼ਨ ਕੀਤੀ ਜਾਵੇ, ਤਾਂ ਇਹ ਬਿਮਾਰੀ ਰੋਕਥਾਮ ਦੇ ਯੋਗ ਹੈ। ਇਸ ਲੜੀ ਵਿੱਚ ਪਸ਼ੂ ਪਾਲਣ ਵਿਭਾਗ ਵੱਲੋ ਵਲਡ ਰੈਬੀਜ਼ ਡੇਅ ਮਨਾਉਦੇ ਹੋਏ 28 ਸਤੰਬਰ 2024 ਨੂੰ ਸਵੇਰੇ 10.00 ਵਜੇ ਤੋ ਦੁਪਿਹਰ 12.00 ਵਜੇ ਤੱਕ ਵੈਟਰਨਰੀ ਪੋਲੀਕਲੀਨਿਕ, ਪਟਿਆਲਾ ਨੇੜੇ ਮੋਦੀ ਕਾਲਜ ਪਟਿਆਲਾ ਵਿਖੇ ਫਰੀ ਵੈਕਸੀਨੇਸ਼ਨ ਕੈਂਪ ਲਗਾਇਆ ਜਾ ਰਿਹਾ ਹੈ। ਉਹਨਾਂ ਨੇ ਸਮੂਹ ਇਲਾਕਾ ਨਿਵਾਸੀਆ ਨੂੰ ਅਪੀਲ ਕੀਤੀ ਹੈ ਕਿ ਆਪਣੇ ਪਾਲਤੂ ਕੁੱਤਿਆ ਨੂੰ ਅਤੇ ਗਲੀ ਮੁਹੱਲੇ ਵਿੱਚ ਰਹਿ ਰਹੇ ਬੇ-ਸਹਾਰਾ ਕੁੱਤਿਆ ਨੂੰ ਵੈਕਸੀਨੇਸ਼ਨ ਕਰਵਾਉਣ ਲਈ ਵੈਟਰਨਰੀ ਪੋਲੀਕਲੀਨਿਕ ਵਿਖੇ ਲੈ ਕੇ ਆਉਣ ਅਤੇ ਇਸ ਕੈਂਪ ਦਾ ਲਾਹਾ ਲੈਣ।