ਪਟਿਆਲਾ – 2018: ਪਟਿਆਲਾ ਵਿਖੇ ਸਾਂਝਾ ਅਧਿਆਪਕ ਮੋਰਚਾ ਪੰਜਾਬ ਦੀ ਅਗਵਾਈ ਵਿਚ ਚੱਲ ਰਿਹਾ ‘ਪੱਕੇ ਮੋਰਚਾ ਅਤੇ ਮਰਨ ਵਰਤ’ ਅੱਜ ਦਸਵੇਂ ਦਿਨ ਵਿਚ ਸ਼ਾਮਲ ਹੋ ਗਿਆ।ਇਸ ਸਮੇਂ ਅਧਿਆਪਕ ਆਗੂਆਂ ਨੇ ਪਿਛਲੇ ਦਿਨ੍ਹਾਂ ਦੌਰਾਨ ਆਪਣੇ ਚਹੇਤਿਆਂ ਨੂੰ ਲਾਭ ਦੇ ਅਹੁੱਦੇ ਵੰਡਣ ਵਾਲੇ ਮੁੱਖ ਮੰਤਰੀ ਪੰਜਾਬ ਵੱਲੋਂ ਖਜਾਨਾ ਖਾਲੀ ਹੋਣ ਦੇ ਤੱੱਥਹੀਣ ਬਿਆਨ ਤੇ ਪ੍ਰਤੀਕਿਰਿਆ ਦਿੰਦਿਆਂ ਆਖਿਆ ਕਿ ਇਕ ਵੈਲਫੇਅਰ ਸਟੇਟ ਦੇ ਮੁੱਖ ਮੰਤਰੀ ਵੱਲੋਂ ਚੋਣਾਂ ਤੋਂ ਪਹਿਲਾਂ ਹਰ ਵਿਅਕਤੀ ਨੂੰ ਚੰਗੀ ਸਿਹਤ ਤੇ ਸਿੱਖਿਆ ਮੁਹੱਈਆ ਕਰਵਾਉਣ ਦੇ ਕੀਤੇ ਵਾਅਦਿਆਂ ਦੇ ਉਲਟ ਚੰਗੀ ਸਿੱਖਿਆ ਦੇ ਮੁੱਖ ਧੁਰੇ ਅਧਿਆਪਕਾਂ ਨੂੰ ਕੋਈ ਨਵੀਂ ਸਹੂਲਤ ਦੇਣ ਦੀ ਥਾਂ ਰੈਗੂਲਰ ਦੀ ਆੜ ਵਿੱਚ 8886 ਐੱਸ.ਐੱਸ.ਏ./ਰਮਸਾ, ਮਾਡਲ, ਆਦਰਸ਼ ਅਧਿਆਪਕਾਂ ਦੀਆਂ ਤਨਖਾਹਾਂ ਵਿੱਚ 75% ਤੱੱਕ ਦੀ ਕਟੌਤੀ ਕਰਨਾ ਅਤੇ ਉਸ ਤੋਂ ਵੀ ਅੱਗੇ ਤਨਖਾਹ ਵਧਾਉਣ ਦੇ ਆਧਾਰਹੀਣ ਬਿਆਨਾਂ ਨਾਲ ਭਰਮਾਉਣਾ ਬਹੁਤ ਨਿੰਦਣਯੋਗ ਹੈ।
ਆਗੂਆਂ ਨੇ ਆਖਿਆ ਕਿ ਲੋਕਤੰਤਰ ਦਾ ਮਖੌਟਾ ਪਾ ਕੇ ਬੈਠੀ ਪੰਜਾਬ ਦੀ ਕਾਂਗਰਸ ਸਰਕਾਰ ਦੇ ਮੁੱਖ ਮੰਤਰੀ ਵੱਲੋਂ ਅਧਿਆਪਕਾਂ ਵੱਲੋਂ ਪੇਸ਼ ਕੀਤੇ ਤੱਥਾਂ ਤੇ ਅੰਕੜਿਆਂ ਨੂੰ ਦਰਕਿਨਾਰ ਕਰ, ਅਧਿਆਪਕਾਂ ਦੇ ਪੱਖ ਨੂੰ ਜਾਣਨ ਲਈ ਕੋਈ ਗੱਲਬਾਤ ਕਰਨ ਦੀ ਥਾਂ ਸਿਰਫ ਆਪਣੇ ਸਿੱਖਿਆ ਮੰਤਰੀ ਦੇ ਤਰਕਹੀਣ ਬਿਆਨਾਂ ਅਤੇ ਆਪਣੇ ਸਿੱਖਿਆ ਸਕੱਤਰ ਵੱਲੋਂ ਪੇਸ਼ ਕੀਤੇ ਝੂਠੇ ਅਤੇ ਆਧਾਰਹੀਣ ਅੰਕੜਿਆਂ ਦੇ ਆਸਰੇ ਅਧਿਆਪਕਾਂ ਦੀਆਂ ਮੰਗਾਂ ਨੂੰ ਗਲਤ ਠਹਿਰਾਉਣ ਬਹੁਤ ਹੀ ਸ਼ਰਮਨਾਕ ਅਤੇ ਨਿੰਦਣਯੋਗ ਹੈ।

