ਚੰਡੀਗੜ੍ਹ : ਖੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਸੂਬੇ ਦੀਆਂ ਖਰੀਦ ਏਜੰਸੀਆਂ ਦੇ ਮੁਖੀਆਂ ਤੇ ਐੱਫ. ਸੀ. ਆਈ. ਦੇ ਪੰਜਾਬ ਖੇਤਰ ਦੇ ਜਨਰਲ ਮੈਨੇਜਰ ਨੂੰ ਨਿਰਦੇਸ਼ ਦਿੱਤੇ ਹਨ ਕਿ ਅੱਜ ਤੋਂ ਸੂਬ ‘ਚ ਸ਼ੁਰੂ ਹੋ ਰਹੀ ਝੋਨੇ ਦੀ ਖਰੀਦ ‘ਤੇ ਉਹ ਨਜ਼ਰ ਰੱਖਣ ਅਤੇ ਝੋਨੇ ਦੀ ਤੁਰੰਤ ਚੁਕਾਈ ਨੂੰ ਯਕੀਨੀ ਬਣਾਇਆ ਜਾਵੇ। ਪੰਜਾਬ ਸਰਕਾਰ ਨੇ ਇਸ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਹਨ। ਹਾਲਾਂਕਿ ਪਿਛਲੇ ਦਿਨੀਂ ਪਏ ਭਾਰੀ ਮੀਂਹ ਕਾਰਨ ਝੋਨੇ ਦੀ ਖਰੀਦ ‘ਚ ਨਮੀ ਦੀ ਵਧ ਮਾਤਰਾ ਅੜਿੱਕਾ ਬਣ ਸਕਦੀ ਹੈ।ਇਸ ਲਈ ਕਿਸਾਨਾਂ ਨੂੰ ਪਰੇਸ਼ਾਨੀ ਤੋਂ ਬਚਣ ਲਈ ਝੋਨੇ ਨੂੰ ਸੁਕਾ ਕੇ ਹੀ ਮੰਡੀ ਲਿਜਾਣਾ ਚਾਹੀਦਾ ਹੈ। ਖੁਰਾਕ ਅਤੇ ਸਪਲਾਈ ਵਿਭਾਗ ਨੇ ਵੀ ਕਿਸਾਨਾਂ ਨੂੰ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਝੋਨਾ ਸੁਕਾ ਕੇ ਹੀ ਮੰਡੀਆਂ ‘ਚ ਲਿਆਂਦਾ ਜਾਵੇ। ਕੇਂਦਰ ਸਰਕਾਰ 17 ਫੀਸਦੀ ਨਮੀ ਵਾਲਾ ਝੋਨਾ ਹੀ ਖਰੀਦਣ ਦੀ ਪ੍ਰਵਾਨਗੀ ਦਿੰਦੀ ਹੈ ਅਤੇ ਇਸ ਤੋਂ ਵਧ ਨਮੀ ਵਾਲੇ ਝੋਨੇ ਨੂੰ ਸੁਕਾਉਣਾ ਪੈਂਦਾ ਹੈ।ਇਸ ਵਾਰ ਸੂਬੇ ‘ਚ ਝੋਨੇ ਦੀ ਬੰਪਰ ਫਸਲ ਹੋਈ ਹੈ ਅਤੇ ਪ੍ਰਬੰਧ ਵੀ ਵਾਧੂ ਕੀਤੇ ਗਏ ਹਨ।

