ਪਟਿਆਲਾ (ਪ੍ਰੈਸ ਕੀ ਤਾਕਤ ਬਿਊਰੋ):ਪੰਜਾਬ ਦੇ ਲੋਕ ਨਿਰਮਾਣ ਅਤੇ ਸਕੂਲ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਹੈ ਕਿ ਪੰਜਾਬ ਸਰਕਰ ਨੇ ਪਟਿਆਲਾ-ਡਕਾਲਾ ਸੜਕ ਦਾ ਨਾਮ ਮਰਹੂਮ ਵਿਧਾਇਕ ਸ੍ਰੀ ਬ੍ਰਿਜ ਲਾਲ ਗੋਇਲ ਦੇ ਨਾਮ ‘ਤੇ ਰੱਖਣ ਦਾ ਫੈਸਲਾ ਕੀਤਾ ਹੈ। ਸ੍ਰੀ ਸਿੰਗਲਾ ਨੇ ਕਿਹਾ ਕਿ ਸ੍ਰੀ ਗੋਇਲ ਨੇ ਜ਼ਿਲ੍ਹੇ ਦੇ ਵਿਕਾਸ ਲਈ ਅਣਥੱਕ ਯਤਨ ਕੀਤੇ। ਕੈਬਨਿਟ ਮੰਤਰੀ ਨੇ ਦੱਸਿਆ ਕਿ ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਦੀ ਅਗਵਾਈ ਹੇਠ ਸਥਾਨਕ ਆਗੂਆਂ ਨੇ ਇਸ ਸੜਕ ਦਾ ਨਾਮ ਮਰਹੂਮ ਸ੍ਰੀ ਗੋਇਲ ਦੇ ਨਾਂ ‘ਤੇ ਰੱਖਣ ਲਈ ਇੱਕ ਮੰਗ ਪੱਤਰ ਸੌਂਪਿਆ ਗਿਆ ਸੀ, ਜਿਨ੍ਹਾਂ ਦਾ ਕਿ ਨਵੰਬਰ ਮਹੀਨੇ ਕੁਝ ਸਮਾਂ ਬਿਮਾਰ ਰਹਿਣ ਉਪਰੰਤ ਦੇਹਾਂਤ ਹੋ ਗਿਆ ਸੀ।
ਦੱਸਣਯੋਗ ਹੈ ਕਿ ਸ੍ਰੀ ਬ੍ਰਿਜ ਲਾਲ ਗੋਇਲ 1972 ‘ਚ ਹਲਕਾ ਰਾਜਪੁਰਾ ਤੋਂ ਵਿਧਾਇਕ ਚੁਣੇ ਗਏ ਸਨ। ਉਹ ਪਨਸਪ ਅਤੇ ਪੰਜਾਬ ਪਸ਼ੂ ਧਨ ਵਿਕਾਸ ਬੋਰਡ ਦੇ ਵੀ ਚੇਅਰਮੈਨ ਰਹੇ। ਸ੍ਰੀ ਗੋਇਲ ਨੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਅਤੇ ਪੀਪੀਸੀਸੀ ਦੇ ਮੀਤ ਪ੍ਰਧਾਨ ਵਜੋਂ ਵੀ ਲੰਮਾ ਸਮਾਂ ਸੇਵਾਵਾਂ ਨਿਭਾਈਆਂ ਸਨ।
ਸ੍ਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਪਟਿਆਲਾ-ਡਕਾਲਾ ਸੜਕ ਦਾ ਨਾਮ ਸ੍ਰੀ ਬ੍ਰਿਜ ਲਾਲ ਗੋਇਲ ਦੇ ਨਾਂ ‘ਤੇ ਰੱਖਣ ਲਈ ਆਪਣੀ ਸਹਿਮਤੀ ਦੇ ਦਿੱਤੀ ਸੀ, ਜਿਸ ਮਗਰੋਂ ਸਬੰਧਤ ਸੜਕ ‘ਤੇ ਨਵੇਂ ਸਾਈਨ ਬੋਰਡ ਲਗਾਉਣ ਦੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦੇ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਵਿਭਾਗ ਜਿੱਥੇ ਪ੍ਰਸਿੱਧ ਸ਼ਖ਼ਸੀਅਤਾਂ ਵੱਲੋਂ ਨਿਭਾਈਆਂ ਸੇਵਾਵਾਂ ਦਾ ਸਨਮਾਨ ਕਰਦਾ ਹੈ, ਉਥੇ ਹੀ ਇਸ ਸੜਕ ਦੀ ਮੁਰੰਮਤ ਅਤੇ ਰੱਖ ਰਖਾਓ ਨੂੰ ਵੀ ਯਕੀਨੀ ਬਣਾਏਗਾ। ਉਨ੍ਹਾਂ ਕਿਹਾ ਕਿ ਮਰਹੂਮ ਸ੍ਰੀ ਬ੍ਰਿਜ ਲਾਲ ਗੋਇਲ ਇੱਕ ਵਫ਼ਾਦਾਰ ਆਗੂ ਤੇ ਸਿਧਾਂਤਾਂ ਨੂੰ ਪ੍ਰਣਾਈ ਹੋਈ ਸ਼ਖ਼ਸੀਅਤ ਸਨ।
ਸ੍ਰੀ ਸਿੰਗਲਾ ਨੇ ਕਿਹਾ ਕਿ ਪੰਜਾਬ ਸਰਕਾਰ ਰਾਜ ਅੰਦਰ ਸੜਕਾਂ ਅਤੇ ਹੋਰ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਵਿਭਾਗ ਵੱਲੋਂ ਸੜਕਾਂ, ਇਮਾਰਤਾਂ ਅਤੇ ਪੁਲਾਂ ਦਾ ਨਿਰਮਾਣ ਰਾਹੀਂ ਰਾਜ ਅੰਦਰ ਅਨੇਕਾਂ ਸੇਵਾਵਾਂ ਤੇ ਸਕੀਮਾਂ ਨੂੰ ਸਟੇਟ-ਆਫ਼-ਆਰਟ ਬੁਨਿਆਦੀ ਢਾਂਚੇ ਵਜੋਂ ਸਾਹਮਣੇ ਲਿਆਂਦਾ ਜਾ ਰਿਹਾ ਹੈ।
ਇਸੇ ਦੌਰਾਨ ਮਰਹੂਮ ਸ੍ਰੀ ਬ੍ਰਿਜ ਲਾਲ ਗੋਇਲ ਦੀ ਧਰਮ ਪਤਨੀ ਸ੍ਰੀਮਤੀ ਰਮਾ ਗੋਇਲ, ਸਪੁੱਤਰ ਸੀ.ਏ. ਸਤੀਸ਼ ਗੋਇਲ, ਸੰਜੀਵ ਗੋਇਲ ਟੋਨੀ ਤੇ ਪੁੱਤਰੀ ਨੇਹਾ ਅਗਰਵਾਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ, ਕੈਬਨਿਟ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਅਤੇ ਪੰਜਾਬ ਸਰਕਾਰ ਦਾ ਵਿਸ਼ੇਸ਼ ਧੰਨਵਾਦ ਕੀਤਾ।
ਸ੍ਰੀ ਸੰਜੀਵ ਟੋਨੀ ਨੇ ਕਿਹਾ ਕਿ ਸ੍ਰੀਮਤੀ ਪਰਨੀਤ ਕੌਰ ਅਤੇ ਵਿਜੈ ਇੰਦਰ ਸਿੰਗਲਾ ਨੇ ਵਿਸ਼ੇਸ਼ ਤਵੱਜੋ ਦੇਕੇ ਇਸ ਅਹਿਮ ਕਾਰਜ ਨੂੰ ਨੇਪਰੇ ਚੜ੍ਹਾਇਆ ਹੈ, ਜਿਸ ਲਈ ਉਹ ਲੋਕ ਸਭਾ ਮੈਂਬਰ ਤੇ ਸ੍ਰੀ ਸਿੰਗਲਾ ਦੇ ਵਿਸ਼ੇਸ਼ ਧੰਨਵਾਦੀ ਹਨ। ਜਿਕਰਯੋਗ ਹੈ ਕਿ ਸ੍ਰੀ ਗੋਇਲ ਨਮਿਤ ਸ਼ਰਧਾਂਜਲੀ ਸਮਾਰੋਹ ਮੌਕੇ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਇਸ ਸੜਕ ਨੂੰ ਮਰਹੂਮ ਸ੍ਰੀ ਬ੍ਰਿਜ ਲਾਲ ਗੋਇਲ ਦੇ ਨਾਮ ‘ਤੇ ਰੱਖੇ ਜਾਣ ਦਾ ਐਲਾਨ ਵੀ ਕੀਤਾ ਸੀ।