ਮਹਿਲ ਕਲਾਂ – ਬਰਨਾਲਾ- ਲੁਧਿਆਣਾ ਮੁੱਖ ਮਾਰਗ ਤੇ ਮਹਿਲ ਕਲਾਂ ਦੇ ਪਿੰਡ ਨਿਹਾਲੂਵਾਲ ਡਰੇਨ ਦੇ ਨਜ਼ਦੀਕ ਅੱਜ ਸਵੇਰੇ ਤੜਕਸਾਰ 5 ਵਜੇ ਦੇ ਕਰੀਬ ਇੱਕ ਟੈਂਪੂ ਟਰੈਵਲ ਤੇ ਟਰੱਕ ਦੀ ਟੱਕਰ ਚ ਵਾਪਰੇ ਭਿਆਨਕ ਹਾਦਸੇ ਚ’ ਚਾਰ ਵਿਅਕਤੀਆਂ ਦੀ ਮੌਤ ਤੇ 3 ਵਿਅਕਤੀਆਂ ਦੇ ਗੰਭੀਰ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ। ਮਿਲੀ ਜਾਣਕਾਰੀ ਅਨੁਸਾਰ ਜਲੰਧਰ ਸਾਈਡ ਤੋਂ ਸੇਬਾਂ ਦਾ ਭਰਿਆਂ ਟਰੱਕ ਬਰਨਾਲਾ ਵੱਲ ਆ ਰਿਹਾ ਸੀ ਜਦਕਿ ਲੁਧਿਆਣਾ ਦੀ ਇੱਕ ਨਾਮੀ ਕੈਟਰਿੰਂਗ ਚ ਕੰਮ ਕਰਦੇ ਵਿਅਕਤੀ ਸਰਸਾ ਵਿਖੇ ਇੱਕ ਰਾਤ ਦੇ ਵਿਆਹ ਦਾ ਕੰਮ ਨਿਪਟਾ ਕੇ ਆਪਣੇ ਵਹੀਕਲ ਟਰੈਵਲ ਟੈਂਪੂ ਰਾਹੀਂ ਵਾਪਸ ਲੁਧਿਆਣਾ ਜਾ ਰਹੇ ਸਨ ਤਾਂ ਅਚਾਨਕ ਰਸਤੇ ਵਿੱਚ ਮਹਿਲ ਕਲਾਂ ਲਾਗੇ ਪੈਂਦੇ ਪਿੰਡ ੋਨਿਹਾਲਵਾਲ ਕੋਲ ਆ ਕੇ ਦੋਨੋਂ ਵਾਹਨਾਂ ਦੀ ਆਪਸੀ ਟੱਕਰ ਹੋ ਗਈ। ਟੱਕਰ ਇੰਨੀ ਜਬਰਦਸਤ ਸੀ ਕਿ ਦੋਨੋ ਵਾਹਨਾਂ ਦੇ ਪਰਖਚੇ ਉੱਡ ਗਏ। ਹਾਦਸੇ ਚ ਤਿੰਨ ਵਿਅਕਤੀਆਂ ਦੀ ਮੌਕੇ ਤੇ ਮੌਤ ਅਤੇ ਇੱਕ ਦੀ ਸਿਵਲ ਹਸਪਤਾਲ ਬਰਨਾਲਾ ਵਿਖੇ ਮੌਤ ਹੋ ਗਈ। ਇਸ ਘਟਨਾ ਦਾ ਪਤਾ ਲੱਗਦਿਆਂ ਲਾਗਲੇ ਪਿੰਡਾਂ ਦੇ ਲੋਕਾਂ ਨੇ ਟਰੈਕਟਰਾਂ ਦੀ ਮਦਦ ਨਾਲ ਟੈਂਪੂ ਚ ਫਸੀਆਂ ਲਾਸਾਂ ਅਤੇ ਜ਼ਖਮੀ ਵਿਅਕਤੀਆਂ ਨੂੰ ਬਾਹਰ ਕੱਢਿਆਂ ਅਤੇ 108 ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਬਰਨਾਲਾ ਵਿਖੇ ਭੇਜਿਆ ਗਿਆ। ਹਾਦਸੇ ਦੀ ਖਬੱਰ ਮਿਲਦਿਆਂ ਹੀ ਥਾਣਾ ਮਹਿਲ ਕਲਾਂ ਦੇ ਐਸ ਐਚ ਓ ਪ੍ਰਗਟ ਸਿੰਘ ਨੇ ਪੁਲਸ ਪਾਰਟੀ ਸਮੇਤ ਸਥਿਤੀ ਦਾ ਜਾਇਜ਼ਾ ਲਿਆ। ਇਸ ਸਬੰਧੀ ਤਫ਼ਤੀਸ਼ੀ ਅਫਸਰ ਹੌਲਦਾਰ ਜੋਗਿੰਦਰ ਸਿੰਘ ਨੇ ਦੱਸਿਆਂ ਕਿ ਹਾਦਸੇ ਚ 4 ਵਿਅਕਤੀਆਂ ਦੀ ਮੌਤ 3 ਦੀ ਹਾਲਤ ਨੂੰ ਗੰਭੀਰ ਦੇਖਦਿਆਂ ਬਰਨਾਲਾ ਤੋਂ ਰਜਿੰਦਰਾਂ ਹਸਪਤਾਲ ਪਟਿਆਲਾ ਵਿਖੇ ਰੈਫਰ ਕਰ ਦਿੱਤਾ ਹੈ। ਮ੍ਰਿਤਕਾਂ ਦੀ ਪਹਿਚਾਣ ਨਹੀ ਹੋ ਸਕੀ ਹੈ ਉਨ੍ਹਾਂ ਦੇ ਵਾਰਸਾਂ ਵੱਲੋਂ ਸ਼ਨਾਖ਼ਤ ਕੀਤੇ ਜਾਣ ਤੋਂ ਬਾਅਦ ਅਗਲੀ ਵਿਭਾਗੀ ਕਰਵਾਈ ਕੀਤੀ ਜਾਵੇਗੀ।
