ਪਟਿਆਲਾ – ਤੜ੍ਹਕੇ ਪਏ ਮੀਂਹ ਦੌਰਾਨ ਗੜ੍ਹੇਮਾਰੀ ਹੋਣ ਕਰਕੇ ਰਾਜਪੁਰਾ ਸਬ ਡਵੀਜਨ ਦੇ ਹਲਕਾ ਘਨੌਰ ‘ਚ ਪੈਂਦੇ ਕੁਝ ਪਿੰਡਾਂ ਅੰਦਰ ਕਿਸਾਨਾਂ ਦੀਆਂ ਫ਼ਸਲਾਂ ਦੇ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਹਲਕਾ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਅਤੇ ਡਿਪਟੀ ਕਮਿਸ਼ਨਰ ਪਟਿਆਲਾ ਸ੍ਰੀ ਕੁਮਾਰ ਅਮਿਤ ਨੇ ਪ੍ਰਭਾਵਤ ਪਿੰਡਾਂ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਨਾਲ ਐਸ.ਡੀ.ਐਮ ਰਾਜਪੁਰਾ ਸ੍ਰੀ ਸ਼ਿਵ ਕੁਮਾਰ ਅਤੇ ਤਹਿਸੀਲਦਾਰ ਰਾਜਪੁਰਾ ਸਿਮਰਨਜੀਤ ਸਿੰਘ ਵੀ ਹਾਜ਼ਰ ਸਨ। ਸ੍ਰੀ ਕੁਮਾਰ ਅਮਿਤ ਅਤੇ ਵਿਧਾਇਕ ਸ੍ਰੀ ਜਲਾਲਪੁਰ ਸੇਹਰਾ ਵਿਖੇ ਗਏ ਅਤੇ ਕਿਸਾਨਾਂ ਨਾਲ ਮੁਲਾਕਾਤ ਕੀਤੀ। ਜਦੋਂਕਿ ਐਸ.ਡੀ.ਐਮ. ਰਾਜਪੁਰਾ ਸ੍ਰੀ ਸ਼ਿਵ ਕੁਮਾਰ ਅਤੇ ਤਹਿਸੀਲਦਾਰ ਸ੍ਰੀ ਸਿਮਰਨਜੀਤ ਸਿੰਘ ਨੇ ਪਿੰਡ ਤਖਤੂਮਾਜਰਾ, ਪੱਬਰਾ, ਪੱਬਰੀ, ਆਕੜ, ਆਕੜੀ, ਅਬਦਲਪੁਰ, ਗੋਪਾਲਪੁਰ, ਖਾਨਪੁਰ ਖੁਰਦ, ਬਡੋਲੀ ਗੁਜਰਾਂ, ਮੰਡਵਾਲ, ਜੈ ਨਗਰ, ਭੇਡਵਾਲ, ਭੇਡਵਾਲ ਝੂੰਗੀਆਂ, ਹਰਪਾਲਪੁਰ, ਮੰਡੌਲੀ, ਅਜਰੌਰ, ਪੰਡਤਾਂ ਖੇੜੀ, ਚਪੜ, ਸੀਲ ਆਦਿ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ ਇਸ ਮੌਕੇ ਵਿਧਾਇਕ ਜਲਾਲਪੁਰ ਨੇ ਕਿਹਾ ਕਿ ਗੜੇਮਾਰੀ ਕਰਕੇ ਦੌ ਦਰਜਨ ਤੋਂ ਵੱਧ ਪਿੰਡਾਂ ਦੇ ਕਿਸਾਨਾਂ ਦੀ ਝੋਨੇ ਦੀ ਫ਼ਸਲ ਦੇ ਹੋਏ ਨੁਕਸਾਨ ਦੀ ਭਰਪਾਈ ਲਈ ਪੰਜਾਬ ਸਰਕਾਰ ਵਚਨਬੱਧ ਹੈ ਅਤੇ ਉਹ ਇਸ ਦੁੱਖ ਦੀ ਘੜੀ ਵਿੱਚ ਕਿਸਾਨਾਂ ਨਾਲ ਚਟਾਨ ਵਾਂਗ ਖੜੇ ਹਨ। ਉਹਨਾਂ ਕਿਹਾ ਕਿ ਕਿਸਾਨਾਂ ਦੇ ਹੋਏ ਨੁਕਸਾਨ ਦੀ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਬਣਦਾ ਮੁਆਵਜ਼ਾ ਦਿਵਾਇਆ ਜਾਵੇਗਾ। ਇਸ ਮੌਕੇ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਕਿਹਾ ਕਿ ਨੁਕਸਾਨੀਆਂ ਫ਼ਸਲਾਂ ਦੀ ਵਿਸ਼ੇਸ਼ ਗਿਰਦਾਵਰੀ ਕਰਨ ਲਈ ਮਾਲ ਵਿਭਾਗ ਦੇ ਪਟਵਾਰੀਆਂ ਦੀ ਡਿਊਟੀ ਲਗਾ ਦਿੱਤੀ ਗਈ ਹੈ ਤਾਂ ਜੋ ਕਿਸਾਨਾਂ ਦੇ ਹੋਏ ਨੁਕਸਾਨ ਦੀ ਰਿਪੋਰਟ ਬਣਾ ਕੇ ਪੰਜਾਬ ਸਰਕਾਰ ਨੂੰ ਭੇਜਕੇ ਕਿਸਾਨਾਂ ਦੇ ਹੋਏ ਨੁਕਸਾਨ ਦੀ ਭਰਪਾਈ ਕੀਤੀ ਜਾ ਸਕੇ। ਇਸ ਮੌਕੇ ਜਿਲਾ ਪਰਿਸ਼ਦ ਮੈਂਬਰਾਂ ਸਮੇਤ ਵੱਡੀ ਗਿਣਤੀ ਕਿਸਾਨ ਅਤੇ ਹੋਰ ਪਤਵੰਤੇ ਮੌਜ਼ੂਦ ਸਨ।
