ਸਮਰਾਲਾ – ਇੱਥੋਂ ਨਜਦੀਕੀ ਪਿੰਡ ਹੇਡੋਂ ਡੇਰਾ ਸ੍ਰੀ ਬਾਬਾ ਮਨੋਹਰਦਾਸ ਵਿਖੇ ਖੁੱਲਰ ਪਰਿਵਾਰ, ਯੰਗ ਗਨ ਗਰੁੱਪ ਜਪਾਨ, ਸਮੂਹ ਨਗਰ ਨਿਵਾਸੀਆਂ ਅਤੇ ਐਨ. ਆਰ. ਆਈ. ਵੀਰਾਂ ਦੇ ਸਹਿਯੋਗ ਨਾਲ ਸਵ: ਜੈਪਾਲ ਖੁੱਲਰ, ਸਵ: ਸ੍ਰੀਮਤੀ ਸੁਨੀਤਾ ਖੁੱਲਰ ਦੀ ਯਾਦ ਨੂੰ ਸਮਰਪਿਤ 51ਵਾਂ ਵਿਸ਼ਾਲ ਕਬੱਡੀ ਕੱਪ ਅਤੇ ਵਿਸ਼ਾਲ ਦੰਗਲ ਕਰਵਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਰਾਮੇਸ਼ ਖੁੱਲਰ ਬੱਲੀ ਮੈਂਬਰ ਬਲਾਕ ਸੰਮਤੀ ਮੈਂਬਰ ਨੇ ਦੱਸਿਆ ਕਿ ਇਸ ਖੇਡ ਮੇਲੇ ਦੇ ਸਾਰੇ ਮੁਕਾਬਲੇ ਰੌਚਕ ਤੇ ਦਿਲਚਸਪ ਰਹੇ। ਉਨ੍ਹਾਂ ਵੱਖ ਵੱਖ ਮੁਕਾਬਲਿਆਂ ਦੇ ਨਤੀਜਿਆ ਸਬੰਧੀ ਦੱਸਿਆ ਕਿ ਕਬੱਡੀ 57 ਕਿੱਲੋ ਵਿੱਚ ਹਰਿਆਣਾ ਨੇ ਪਹਿਲਾ ਸਥਾਨ ਅਤੇ ਛਾਜਲੀ ਦੀ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ। ਕਬੱਡੀ 66 ਕਿਲੋ ਵਿੱਚ ਹੇਡੋਂ ਨੇ ਪਹਿਲਾ ਸਥਾਨ ਅਤੇ ਤਕਰੇੜੀਆਂ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਕਬੱਡੀ ਇੱਕ ਪਿੰਡ ਓਪਨ ਵਿੱਚ ਪਿੰਡ ਧਨੌਰੀ ਦੇ ਗੱਭਰੂਆਂ ਇੱਕ ਫਸਵੇਂ ਮੁਕਾਬਲੇ ਦੌਰਾਨ ਪਿੰਡ ਖਿੱਲਰੀਆਂ (ਦੋਆਬਾ) ਦੇ ਗੱਭਰੂਆਂ ਵਿਚਕਾਰ ਹੋਇਆ ਜਿਸ ਦਾ ਦਰਸ਼ਕਾਂ ਨੇ ਇਸ ਮੈਚ ਦਾ ਖੂਬ ਅਨੰਦ ਮਾਣਿਆ। ਅਖੀਰ ਧਨੌਰੀ ਦੇ ਗੱਭਰੂਆਂ ਨੇ ਇਹ ਮੈਚ ਜਿੱਤਿਆ। ਲੜਕੀਆਂ ਦੀ ਕਬੱਡੀ ਵਿੱਚ ਹੇਡੋਂ ਦੀ ਟੀਮ ਨੇ ਸਮਰਾਲਾ ਦੀ ਟੀਮ ਨੂੰ ਬੜੇ ਹੀ ਦਿਲਚਸਪ ਮੁਕਾਬਲੇ ਦੌਰਾਨ ਹਰਾਇਆ। ਇਸ ਮੌਕੇ ਕਬੱਡੀ ਕੋਚ ਕੇ. ਐਸ. ਨਿੰਨੀ ਨੂੰ ਹਰੀ ਪਾਲ ਹੇਡੋਂ ਵੱਲੋਂ ਸੋਨੇ ਦੀ ਮੁੰਦਰੀ ਨਾਲ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸੇ ਦੌਰਾਨ ਕਬੱਡੀ ਪ੍ਰਮੋਟਰ ਹਰੀ ਪਾਲ ਨੂੰ ਖੇਡ ਪ੍ਰਬੰਧਕਾਂ ਨੇ ਸੋਨੇ ਦੀ ਮੁੰਦਰੀ ਪਾ ਕੇ ਸਨਮਾਨਿਤ ਕੀਤਾ ਗਿਆ।
