ਚੰਡੀਗੜ੍ਹ – ਹਰਿਆਣਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੱਲੋਂ ਸ਼ਨੀਵਾਰ ਨੂੰ ਡਾਚਰ ਪਿੰਡ ਦੇ ਗੁਰਦੁਆਰਾ ਸਾਹਿਬ ‘ਚ ਜਾਣ ਤੋਂ ਇਨਕਾਰ ਕਰਨ ਤੋਂ ਬਾਅਦ ਗੁਰਦੁਾਆਰਾ ਸਾਹਿਬ ਦੀ ਕਮੇਟੀ ਤੇ ਹਰਿਆਣਾ ਸਿੱਖ ਜਥੇਬੰਦੀਆਂ ਭਾਜਪਾ ਦੇ ਵਿਰੋਧ ਵਿਚ ਉੱਤਰ ਆਏ ਹਨ। ਬੀਤੇ ਦਿਨ ਮੀਡੀਆ ਨਾਲ ਗੱਲਬਾਤ ਕਰਦਿਆਂ ਸਿੱਖ ਜਥੇਬੰਦੀਆਂ ਵੱਲੋਂ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਸੀ.ਐਮ ਖੱਟਰ ਨੇ ਜਲਦ ਤੋਂ ਜਲਦ ਪਿੰਡ ਗੁਰਦੁਆਰਾ ਸਾਹਿਬ ‘ਚ ਆ ਕੇ ਖੁਦ ਮਾਫੀ ਨਹੀਂ ਮੰਗਦੇ ਤਾਂ ਉਹ ਭਾਜਪਾ ਦੇ ਲੀਡਰਾਂ ਨੂੰ ਪਿੰਡਾਂ ਵਿਚ ਨਹੀਂ ਵੜਨ ਦੇਣਗੇ। ਉਨ੍ਹਾਂ ਕਿਹਾ ਕਿ ਜਦੋਂ ਵੋਟਾਂ ਲੈਣੀਆਂ ਸਨ, ਸੀ.ਐਮ ਖੱਟਰ ਨੂੰ ਉਸ ਵੇਲੇ ਸੰਤ ਭਿੰਡਰਾਂਵਾਲੇ ਦੀ ਤਸਵੀਰ ਨਹੀਂ ਦਿਖਾਈ ਦਿੱਤੀ। ਉਨ੍ਹਾਂ ਕਿਹਾ ਕਿ ਜੇਕਰ ਖੱਟਰ ਮਾਫੀ ਨਹੀਂ ਮੰਗਦੇ ਤਾਂ ਪ੍ਰਧਾਨ ਮੰਤਰੀ ਮੋਦੀ ਵੱਲੋਂ ਕੀਤੀ ਜਾਣ ਵਾਲੀ ਰੈਲੀ ਵੀ ਸਿੱਖ ਸੰਗਤਾਂ ਵੱਲੋਂ ਨਹੀਂ ਹੋਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਅੰਦਰ ਕਰਕੇ ਰੈਲੀ ਕਰ ਲਈ ਗਈ ਤਾਂ ਵੱਖਰੀ ਗੱਲ ਹੈ, ਪਰ ਉਹ ਆਪਣੀ ਮੌਜੂਦਗੀ ‘ਚ ਇਹ ਰੈਲੀ ਨਹੀਂ ਕਰਨ ਦੇਣਗੇ ਜਦੋਂ ਤੱਕ ਖੱਟਰ ਵੱਲੋਂ ਮਾਫੀ ਨਹੀਂ ਮੰਗ ਲਈ ਜਾਂਦੀ। ਉਨ੍ਹਾਂ ਕਿਹਾ ਕਿ ਖੱਟਰ ੬ ਅਕਤੂਬਰ ਤੋਂ ਪਹਿਲਾਂ ਜੇਕਰ ਮਾਫੀ ਮੰਗ ਲੈਂਦੇ ਹਨ ਤਾਂ ਠੀਕ ਹੈ ਨਹੀਂ ਤਾਂ ਉਨ੍ਹਾਂ ਵੱਲੋਂ ਡਾਚਰ ਵਿਚ ੬ ਤਰੀਕ ਨੂੰ ਮਹਾਂ ਸੰਮੇਲਨ ਰੱਖਿਆ ਗਿਆ ਹੈ। ਜਿਸ ਵਿਚ ਉਹ ਅਗਲੀ ਕਾਰਵਾਈ ਦਾ ਫੈਸਲਾ ਲੈਣਗੇ।

