ਬਿਹਾਰ – ਦੇਸ਼ ਦੇ ਮੰਨੇ-ਪ੍ਰਮੰਨੇ ਚੁਣਾਵੀ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਦਾ ਕੱਦ ਜਨਤਾ ਦਲ ਯੂਨਾਇਟਡ (ਜੇਡੀਯੂ) ਵਿਚ ਵੱਧ ਗਿਆ ਹੈ। ਉਨ੍ਹਾਂ ਨੂੰ ਇਕ ਮਹੱਤਵਪੂਰਨ ਜ਼ਿੰਮੇਵਾਰੀ ਸੌਂਪਦੇ ਹੋਏ ਪਾਰਟੀ ਦਾ ਰਾਸ਼ਟਰੀ ਉਪ-ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਪ੍ਰਸ਼ਾਂਤ ਕਿਸ਼ੋਰ ਨੀਤੀਸ਼ ਕੁਮਾਰ ਤੋਂ ਬਾਅਦ ਪਾਰਟੀ ਵਿਚ ਦੂਜੇ ਸਭ ਤੋਂ ਤਾਕਤਵਰ ਨੇਤਾ ਬਣ ਗਏ ਹਨ। ਜੇਡੀਯੂ ਦੇ ਪ੍ਰਧਾਨ ਮਹਾਂਸਚਿਵ ਕੇਸੀ ਤਿਆਗੀ ਨੇ ਇਸ ਦੀ ਜਾਣਕਾਰੀ ਦਿਤੀ। ਨਾਲ ਹੀ ਉਨ੍ਹਾਂ ਨੇ ਪ੍ਰਸ਼ਾਂਤ ਕਿਸ਼ੋਰ ਨੂੰ ਰਾਸ਼ਟਰੀ ਉਪ-ਪ੍ਰਧਾਨ ਬਣਨ ਉਤੇ ਵਧਾਈ ਵੀ ਦਿਤੀ ਹੈ। ਕਿਹਾ ਕਿ ਕਿਸ਼ੋਰ ਦੀ ਉਪ-ਪ੍ਰਧਾਨ ਪਦ ਉੱਤੇ ਨਿਯੁਕਤੀ ਨਾਲ ਪਾਰਟੀ ਦੇ ਜਨ ਆਧਾਰ ਵਧਾਉਣ ਅਤੇ ਮਜ਼ਬੂਤ ਕਰਨ ਵਿਚ ਕਾਫ਼ੀ ਸਹਾਇਤਾ ਮਿਲੇਗੀ। ਦੱਸ ਦੇਈਏ ਕਿ ਭਾਰਤੀ ਸਿਆਸੀ ਐਕਸ਼ਨ ਕਮੇਟੀ ਦੇ ਸੰਸਥਾਪਕ ਪ੍ਰਸ਼ਾਂਤ ਕਿਸ਼ੋਰ ਪਿਛਲੇ ਮਹੀਨੇ 16 ਸਤੰਬਰ ਨੂੰ ਜੇਡੀਯੂ ਵਿਚ ਸ਼ਾਮਿਲ ਹੋਏ ਸਨ। ਜੇਡੀਯੂ ਵਿਚ ਸ਼ਾਮਿਲ ਹੋਣ ਸਮੇਂ ਉਨ੍ਹਾਂ ਨੇ ਕਿਹਾ ਸੀ ਕਿ, “ਮੈਂ ਬਿਹਾਰ ਵਿਚ ਅਪਣੀ ਨਵੀਂ ਯਾਤਰਾ ਸ਼ੁਰੂ ਕਰਨ ਲਈ ਉਤਸ਼ਾਹਿਤ ਹਾਂ।” ਹੁਣ ਪਾਰਟੀ ਵਿਚ ਉਨ੍ਹਾਂ ਦਾ ਰੁਤਬਾ ਵਧਦਾ ਜਾ ਰਿਹਾ ਹੈ। ਪ੍ਰਸ਼ਾਂਤ ਕਿਸ਼ੋਰ ਨੂੰ ਨੀਤੀਸ਼ ਕੁਮਾਰ ਦਾ ਕਰੀਬੀ ਮੰਨਿਆ ਜਾਂਦਾ ਹੈ। ਇਹ ਦੂਜੀ ਵਾਰ ਹੈ ਜਦੋਂ ਪ੍ਰਸ਼ਾਂਤ ਕਿਸ਼ੋਰ ਜੇਡੀਯੂ ਅਤੇ ਨੀਤੀਸ਼ ਕੁਮਾਰ ਦੇ ਨਾਲ ਕੰਮ ਕਰ ਰਹੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ਨੇ ਸਾਲ 2015 ਵਿਚ ਬਿਹਾਰ ਵਿਚ ਗੰਢਜੋੜ (ਜੇਡੀਯੂ, ਆਰਜੇਡੀ ਅਤੇ ਕਾਂਗਰਸ) ਲਈ ਕੰਮ ਕੀਤਾ ਸੀ ਪਰ ਉਨ੍ਹਾਂ ਦਾ ਫੋਕਸ ਜੇਡੀਯੂ ਅਤੇ ਨੀਤੀਸ਼ ਕੁਮਾਰ ਦੇ ਪ੍ਰਚਾਰ ਉਤੇ ਸੀ। ਇਸ ਚੁਣਾਵੀ ਅਭਿਆਨ ਦੇ ਦੌਰਾਨ ਉਨ੍ਹਾਂ ਨੇ ਜੇਡੀਯੂ ਦੇ ਪੱਖ ਵਿਚ ਮਤਦਾਤਾਵਾਂ ਨੂੰ ਗੋਲਬੰਦ ਕਰਨ ਲਈ ‘ਹਰ ਘਰ ਦਸਤਕ’ ਪ੍ਰੋਗਰਾਮ ਚਲਾਇਆ ਸੀ। ‘ਬਿਹਾਰ ਵਿਚ ਬਹਾਰ ਹੋ, ਨੀਤੀਸ਼ੇ ਕੁਮਾਰ ਹੋ’, ‘ਝਾਂਸੇ ਵਿਚ ਨਹੀਂ ਆਉਣਗੇ, ਨੀਤੀਸ਼ ਨੂੰ ਜਿਤਾਏਂਗੇ’ ਵਰਗੇ ਸਲੋਗਨ ਤਿਆਰ ਕਰਵਾਏ ਸੀ।
