ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਨੇ ਅੱਜ ਦੇਰ ਸ਼ਾਮ ਪੰਚਕੂਲਾ ’ਚ ਭਾਜਪਾ ਦੇ ਸਟੇਟ ਦਫ਼ਤਰ ਪੰਚ ਕਮਲ ਵਿੱਚ ਨੇਤਾਵਾਂ ਨਾਲ ਮੀਟਿੰਗ ਕੀਤੀ। ਜੇਪੀ ਨੱਢਾ ਨੇ ਛੇ ਜਨਵਰੀ ਨੂੰ ਪੰਚਕੂਲਾ ਵਿੱਚ ਕੀਤੇ ਜਾਣ ਵਾਲੇ ਰੋਡ ਸ਼ੋਅ ਬਾਰੇ ਰਣਨੀਤੀ ਬਣਾਈ। ਕੌਮੀ ਪ੍ਰਧਾਨ ਨੇ ਇਸ ਮੀਟਿੰਗ ਵਿੱਚ ਕਿਹਾ ਕਿ ਉਹ ਹੁਣ ਤੱਕ ਬਣਾਈਆਂ ਗਈਆਂ ਕਲਿਆਣਕਾਰੀ ਯੋਜਨਾਵਾਂ ਦੀ ਸਮੀਖਿਆ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਇਹ ਯਕੀਨੀ ਬਣਾ ਰਹੇ ਹਨ ਕਿ ਇਹ ਯੋਜਨਾਵਾਂ ਲੋਕਾਂ ਤੱਕ ਪਹੁੰਚ ਰਹੀਆਂ ਹਨ ਜਾਂ ਨਹੀਂ। ਉਨ੍ਹਾਂ ਇਸ ਮੌਕੇ ਭਾਜਪਾ ਨੇਤਾਵਾਂ ਦੇ ਵਿਚਾਰ ਵੀ ਲਏ। ਇਸ ਮੌਕੇ ਭਾਜਪਾ ਦੇ ਸੂਬਾ ਪ੍ਰਧਾਨ ਨਾਇਬ ਸਿੰਘ ਸੈਣੀ, ਪੰਚਕੂਲਾ ਦੇ ਵਿਧਾਇਕ ਅਤੇ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਗਿਆਨ ਚੰਦ ਗੁਪਤਾ, ਭਾਜਪਾ ਦੇ ਸੰਗਠਨ ਮੰਤਰੀ ਫਰਿੰਦਰਨਾਥ ਸ਼ਰਮਾ, ਭਾਜਪਾ ਦੀ ਸੂਬਾ ਉਪ ਪ੍ਰਧਾਨ ਬੰਤੋ ਕਟਾਰੀਆ, ਜ਼ਿਲ੍ਹਾ ਪ੍ਰਧਾਨ ਦੀਪਕ ਸ਼ਰਮਾ ਅਤੇ ਵੱਡੀ ਗਿਣਤੀ ’ਚ ਭਾਜਪਾ ਨੇਤਾ ਸ਼ਾਮਲ ਸਨ। ਭਾਜਪਾ ਦੇ ਸੂਬਾ ਪ੍ਰਧਾਨ ਨਾਇਬ ਸਿੰਘ ਸੈਣੀ ਨੇ ਇਸ ਮੌਕੇ ਕਿਹਾ ਕਿ ਮਨੋਹਰ ਲਾਲ ਦੀ ਸਰਕਾਰ ਨੇ ਯੋਜਨਾਵਾਂ ਨੂੰ ਸਮਾਜ ਦੇ ਹਰ ਵਰਗ ਤੱਕ ਪਹੁੰਚਾਇਆ ਹੈ।

