ਜਮਸ਼ੇਦਪੁਰ/ਰਾਂਚੀ/ਕੋਲਕਾਤਾ, 30 ਜੁਲਾਈ (ਪ੍ਰੈਸ ਕੀ ਤਾਕਤ ਬਿਊਰੋ): ਝਾਰਖੰਡ ਦੇ ਸਰਾਏਕੇਲਾ-ਖਰਸਾਵਾਂ ਜ਼ਿਲ੍ਹੇ ‘ਚ ਹਾਵੜਾ-ਮੁੰਬਈ ਮੇਲ ‘ਚ ਭਿਆਨਕ ਹਾਦਸਾ ਵਾਪਰ ਗਿਆ, ਜਿਸ ਕਾਰਨ ਘੱਟੋ-ਘੱਟ 18 ਡੱਬੇ ਪਟੜੀ ਤੋਂ ਉਤਰ ਗਏ | ਇਸ ਦੁਖਦਾਈ ਘਟਨਾ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ ੨੦ ਵਿਅਕਤੀ ਜ਼ਖਮੀ ਹੋ ਗਏ। ਦੱਖਣੀ ਪੂਰਬੀ ਰੇਲਵੇ ਦੇ ਚੱਕਰਧਰਪੁਰ ਡਿਵੀਜ਼ਨ ਦੇ ਅਧੀਨ ਜਮਸ਼ੇਦਪੁਰ ਤੋਂ ਲਗਭਗ 80 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਬਾਰਾਬਾਂਸ ਨੇੜੇ ਤੜਕੇ ਕਰੀਬ 3.45 ਵਜੇ ਇਹ ਹਾਦਸਾ ਵਾਪਰਿਆ। ਐਸਈਆਰ ਦੇ ਬੁਲਾਰੇ ਓਮ ਪ੍ਰਕਾਸ਼ ਚਰਨ ਨੇ ਦੱਸਿਆ ਕਿ ਇਕ ਮਾਲ ਗੱਡੀ ਦੇ ਪਟੜੀ ਤੋਂ ਉਤਰਨ ਦੀ ਘਟਨਾ ਵੀ ਵਾਪਰੀ ਹੈ, ਹਾਲਾਂਕਿ ਇਹ ਸਪੱਸ਼ਟ ਨਹੀਂ ਹੈ ਕਿ ਦੋਵੇਂ ਹਾਦਸੇ ਇਕੋ ਸਮੇਂ ਹੋਏ ਜਾਂ ਨਹੀਂ। ਹਾਦਸੇ ਵਾਲੀ ਥਾਂ ‘ਤੇ ਤਾਇਨਾਤ ਪੱਛਮੀ ਸਿੰਘਭੂਮ ਦੇ ਡਿਪਟੀ ਕਮਿਸ਼ਨਰ ਕੁਲਦੀਪ ਚੌਧਰੀ ਨੇ ਦੱਸਿਆ ਕਿ ਬਚਾਅ ਕਾਰਜ ਜਾਰੀ ਹਨ ਅਤੇ ਐਨਡੀਆਰਐਫ ਦੀ ਟੀਮ ਨੂੰ ਘਟਨਾ ਸਥਾਨ ‘ਤੇ ਤਾਇਨਾਤ ਕੀਤਾ ਗਿਆ ਹੈ।