ਭਵਾਨੀਗੜ੍ਹ,28-12-22 (Press Ki Taquat): ਬੁੱਧਵਾਰ ਸਵੇਰੇ ਸੰਘਣੀ ਧੁੰਦ ਕਾਰਨ ਸ਼ਹਿਰ ‘ਚੋਂ ਲੰਘਦੇ ਚੰਡੀਗੜ੍ਹ-ਬਠਿੰਡਾ ਨੈਸ਼ਨਲ ਹਾਈਵੇ ‘ਤੇ ਅੱਧੀ ਦਰਜਨ ਵਾਹਨ ਇੱਕ-ਦੂਜੇ ਨਾਲ ਟਕਰਾ ਗਏ। ਉਕਤ ਹਾਦਸਿਆਂ ‘ਚ ਕਿਸੇ ਵਾਹਨ ਚਾਲਕ ਜਾਂ ਸਵਾਰਾਂ ਦੇ ਕਿਸੇ ਗੰਭੀਰ ਸੱਟ ਲੱਗਣ ਤੋਂ ਬਚਾਅ ਰਿਹਾ।
ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਸਵੇਰੇ ਕਰੀਬ 7 ਵਜੇ ਸੰਘਣੀ ਧੁੰਦ ਦੀ ਕਾਰਨ ਨੈਸ਼ਨਲ ਹਾਈਵੇ ‘ਤੇ ਪਟਿਆਲਾ ਵੱਲ ਨੂੰ ਜਾਂਦੇ ਹੋਏ ਰਾਧਾ ਸੁਆਮੀ ਸਤਸੰਗ ਘਰ ਨੇੜੇ ਇੱਕ ਤੇਜ਼ ਰਫਤਾਰ ਇੱਟਾਂ ਦੇ ਭਰੇ ਟਰੈਕਟਰ-ਟਰਾਲੀ ਨੇ ਪਟਿਆਲਾ ਡਿਊਟੀ ‘ਤੇ ਜਾ ਰਹੇ ਪੁਲਿਸ ਮੁਲਾਜ਼ਮ ਦੀ ਸਵਿਫਟ ਕਾਰ ਨੂੰ ਜ਼ਬਰਦਸਤ ਟੱਕਰ ਮਾਰਨ ਤੋਂ ਬਾਅਦ ਅੱਗੇ ਕੱਟ ਤੋਂ ਮੁੜ ਰਹੀ ਮਹਿਲਾ ਡਾਕਟਰ ਦੀ ਸਕੋਡਾ ਕਾਰ ਦੇ ਪਿੱਛੇ ਜ਼ਬਰਦਸਤ ਤਰੀਕੇ ਨਾਲ ਟੱਕਰ ਮਾਰ ਦਿੱਤੀ। ਟਰਾਲੀ ‘ਚ ਲੋਡ ਇੱਟਾਂ ਹਾਈਵੇ ‘ਤੇ ਡਿੱਗਣ ਕਾਰਨ ਸੜਕ ‘ਤੇ ਜਾਮ ਲੱਗ ਗਿਆ।
ਹਾਦਸਾਗ੍ਰਸਤ ਵਾਹਨਾਂ ਦੇ ਪਿੱਛੇ ਜਾਮ ‘ਚ ਫਸ ਕੇ ਖੜੀ ਇੱਕ ਕਾਰ ਤੇ ਇੱਕ ਸਕਾਰਪਿਓ ਗੱਡੀ ਨੂੰ ਪਿੱਛੋਂ ਤੇਜ਼ ਰਫ਼ਤਾਰ ‘ਚ ਆਉੰਦੀ ਇਕ ਸਰਕਾਰੀ ਬੱਸ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ।
ਮੌਕੇ ‘ਤੇ ਮੌਜੂਦ ਲੋਕਾਂ ਦਾ ਕਹਿਣਾ ਸੀ ਕਿ ਇੰਨੀ ਜ਼ਿਆਦਾ ਧੁੰਦ ਦੇ ਬਾਵਜੂਦ ਸਰਕਾਰੀ ਬੱਸ ਦੀ ਰਫਤਾਰ ਇੰਨੀ ਜ਼ਿਆਦਾ ਸੀ ਕਿ ਚਾਲਕ ਵਲੋਂ ਬ੍ਰੇਕ ਲਗਾਉਣ ਦੇ ਬਾਵਜੂਦ ਬੱਸ ਘਿਸਰਦੀ-ਘਿਸਰਦੀ ਵਾਹਨਾਂ ‘ਚ ਜਾ ਵੱਜੀ। ਹਾਦਸੇ ਤੋਂ ਬਾਅਦ ਨੈਸ਼ਨਲ ਹਾਈਵੇ ‘ਤੇ ਕਾਰ ਚਾਲਕਾਂ ਤੇ ਬੱਸ ਚਾਲਕ ‘ਚ ਹੋਏ ਤਕਰਾਰ ਕਾਰਨ ਮਾਹੌਲ ਤਣਾਅਪੂਰਨ ਬਣ ਗਿਆ। ਹਾਦਸੇ ਸਬੰਧੀ ਸੂਚਨਾ ਮਿਲਦੇ ਹੀ ਪੀਸੀਆਰ ਤੇ ਸਥਾਨਕ ਥਾਣੇ ਦੇ ਪੁਲਿਸ ਮੁਲਾਜ਼ਮਾਂ ਨੇ ਘਟਨਾ ਸਥਾਨ ‘ਤੇ ਪੁੱਜ ਕੇ ਹਾਦਸਾਗ੍ਰਸਤ ਵਾਹਨਾਂ ਨੂੰ ਮੁੱਖ ਸੜਕ ਤੋਂ ਹਟਵਾਇਆ ਤਾਂ ਜੋ ਹੋਰ ਵਾਹਨ ਇਨ੍ਹਾਂ ਨਾਲ ਨਾ ਟਕਰਾਅ ਜਾਣ। ਮੌਕੇ ‘ਤੇ ਪਹੁੰਚੇ ਥਾਣੇਦਾਰ ਸੁਰਜੀਤ ਸਿੰਘ ਅਤੇ ਹੋਰ ਪੁਲਿਸ ਮੁਲਾਜ਼ਮਾਂ ਨੇ ਦੱਸਿਆ ਕਿ ਉਕਤ ਹਾਦਸੇ ‘ਚ ਵਾਹਨ ਚਾਲਕਾਂ ਜਾਂ ਸਵਾਰਾਂ ਦਾ ਗੰਭੀਰ ਸੱਟਾਂ ਤੋਂ ਤਾਂ ਬਚਾਅ ਹੋ ਗਿਆ ਪਰ ਵਾਹਨਾਂ ਦਾ ਕਾਫੀ ਨੁਕਸਾਨ ਹੋ ਗਿਆ।
