ਪਟਿਆਲਾ, 30 ਸਤੰਬਰ:
ਪਟਿਆਲਾ ਸ਼ਹਿਰ ਵਿਖੇ 24 ਘੰਟੇ ਸੱਤੇ ਦਿਨ ਪੀਣ ਵਾਲੇ ਨਹਿਰੀ ਪਾਣੀ ਦੀ ਸਪਲਾਈ ਲਈ ਪਾਇਪਾਂ ਪਾਉਣ ਲਈ ਐਲ ਐਂਡ ਟੀ ਵੱਲੋਂ ਪੁੱਟੀਆਂ ਗਈਆਂ ਸੜਕਾਂ ਦੀ ਉਸਾਰੀ ਬਹੁਤ ਜਲਦੀ ਕੀਤੀ ਜਾ ਰਹੀ ਹੈ। ਇਹ ਪ੍ਰਗਟਾਵਾ ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਅੱਜ ਵਾਰਡ ਨੰਬਰ 50 ਵਿੱਚ ਕਰੀਬ 43 ਲੱਖ ਰੁਪਏ ਦੀ ਲਾਗਤ ਨਾਲ ਮਾਨਸ਼ਾਹੀਆ ਕਲੋਨੀ ਤੇ ਸੇਵਕ ਕਲੋਨੀ ਦੇ ਵਾਰਡ ਨੰਬਰ 54 ਤੇ 55 ਦੇ ਇਲਾਕੇ ਵਿੱਚ ਸੜਕਾਂ ਬਣਾਉਣ ਦੇ ਕਾਰਜਾਂ ਦੀ ਸ਼ੁਰੂਆਤ ਕਰਵਾਉਣ ਪੁੱਜੇ ਹੋਏ ਸਨ।ਉਨ੍ਹਾਂ ਕਿਹਾ ਕਿ ਸੜਕਾਂ ਬਣਾਉਣ ਦੇ ਕੰਮਾਂ ਵਿੱਚ ਬਰਸਾਤਾਂ ਕਰਕੇ ਦੇਰੀ ਹੈ ਪਰੰਤੂ ਅਗਲੇ ਦੋ ਮਹੀਨਿਆਂ ਵਿੱਚ ਸਾਰੀਆਂ ਸੜਕਾਂ ਨਵੀਂਆਂ ਬਣਾਈਆਂ ਜਾਣਗੀਆਂ ਤੇ ਜਿੱਥੇ ਮੁਰੰਮਤ ਦੀ ਲੋੜ ਹੈ, ਉਥੇ ਮੁਰੰਮਤ ਵੀ ਕਰਵਾਈ ਜਾਵੇਗੀ। ਇਸ ਮੌਕੇ ਉਨ੍ਹਾਂ ਦੇ ਨਾਲ ਨਗਰ ਨਿਗਮ ਕਮਿਸ਼ਨਰ ਡਾ. ਰਜਤ ਓਬਰਾਏ ਵੀ ਮੌਜੂਦ ਸਨ।
ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬਿਮਾਰ ਹੋਣ ਦੇ ਬਾਵਜੂਦ ਵੀ ਪੰਜਾਬ ਦੇ ਕੰਮ ਨਿਬੇੜ ਰਹੇ ਸਨ, ਇਸ ਦਾ ਕਾਰਨ ਹੈ ਕਿ ਪੰਜਾਬ ਸਰਕਾਰ ਲੋਕਾਂ ਨੂੰ ਬਣਦੀਆਂ ਸਹੂਲਤਾਂ ਦੇਣੀਆਂ ਆਪਣਾ ਫ਼ਰਜ ਸਮਝਦੀ ਹੈ। ਉਨ੍ਹਾਂ ਕਿਹਾ ਕਿ ਇਸੇ ਤਰਜ ਉਤੇ ਪਟਿਆਲਾ ਵਿਖੇ ਵੀ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਅੱਜ ਮਾਨਸ਼ਾਹੀਆ ਕਲੋਨੀ ਵਿੱਚ ਨਵੀਂ ਆਰ ਸੀ ਸੀ ਰੋਡ ਬਨਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ।
ਅਜੀਤ ਪਾਲ ਸਿੰਘ ਕੋਹਲੀ ਨੇ ਦੱਸਿਆ ਕਿ ਇਹ ਰੋਡ ਤਕਰੀਬਨ 30 ਸਾਲ ਬਾਅਦ ਦੁਬਾਰਾ ਬਣਾਈ ਜਾ ਰਹੀ ਹੈ। ਪਿਛਲੀਆਂ ਸਰਕਾਰਾਂ ਨੇ ਵਿਕਾਸ ਦੇ ਵੱਡੇ ਵੱਡੇ ਦਾਵੇ ਕੀਤੇ ਪ੍ਰੰਤੂ ਪਟਿਆਲਾ ਵਿੱਚ ਵਿਕਾਸ ਹੁੰਦਾ ਕਿਸੇ ਨੇ ਨਹੀਂ ਦੇਖਿਆ। ਉਨ੍ਹਾਂ ਕਿਹਾ ਕਿ ਮੌਜੂਦਾ ਪੰਜਾਬ ਸਰਕਾਰ ਵਲੋਂ ਪਟਿਆਲੇ ਦੇ ਬਾਕੀ ਇਲਾਕਿਆਂ ਵਿਚ ਵੀ ਲਗਾਤਾਰ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਇਸ ਮੌਕੇ ਮੁਹੱਲਾ ਨਿਵਾਸੀਆਂ ਨੇ ਐੱਮ ਐਲ ਏ ਕੋਹਲੀ ਦਾ ਧਨਵਾਦ ਕੀਤਾ ਗਿਆ।
ਕਲੋਨੀ ਨਿਵਾਸੀ ਤੇਜਿੰਦਰ ਭੱਲਾ ਨੇ ਵਾਰਡ ਪ੍ਰਧਾਨ ਨੌਜਵਾਨ ਆਗੂ ਹਰਮਨ ਸੰਧੂ ਅਤੇ ਬਲਾਕ ਪ੍ਰਧਾਨ ਜਗਤਾਰ ਜੱਗੀ ਦਾ ਵਿਸ਼ੇਸ ਤੌਰ ਤੇ ਧੰਨਵਾਦ ਕੀਤਾ। ਇਸ ਮੌਕੇ ਐਸ ਸੀ ਕਾਰਪੋਰੇਸ਼ਨ ਹਰਕਿਰਨ ਸਿੰਘ, ਐਸ ਡੀ ਓ ਅਮਿਤੋਜ, ਇਕਬਾਲ ਸਿੰਘ, ਹਰਪ੍ਰੀਤ ਸਿੰਘ, ਮੁਹੱਲਾ ਨਿਵਾਸੀ ਤੇਜਿੰਦਰ, ਰਾਕੇਸ਼ ਮਲਿਕ, ਆਰ ਕੇ ਜਿੰਦਲ, ਸੀ ਐਸ ਵਿਰਕ, ਬਲਵਿੰਦਰ ਸਿੱਧੂ, ਪਰਮਜੀਤ ਸਿੰਘ ਅਤੇ ਹੋਰ ਨਿਵਾਸੀ ਸ਼ਾਮਿਲ ਹੋਏ।