ਪ੍ਰਯਾਗਰਾਜ, ਸਭ ਤੋਂ ਵੱਡੀ ਮਨੁੱਖੀ ਸਭਾ ਵਜੋਂ ਜਾਣਿਆ ਜਾਂਦਾ 45 ਰੋਜ਼ਾ ਮਹਾਕੁੰਭ ਭਲਕੇ 13 ਜਨਵਰੀ ਨੂੰ ਪੋਹ ਦੀ ਪੁੰਨਿਆ ਮੌਕੇ ਸੰਗਮ (ਗੰਗਾ, ਯਮੁਨ ਤੇ ਸਰਸਵਤੀ ਨਦੀਆਂ) ਨੇੜੇ ਪਹਿਲੇ ਪ੍ਰਮੁੱਖ ਧਾਰਮਿਕ ਕਾਰਜ ਜਾਂ ‘ਸ਼ਾਹੀ ਇਸ਼ਨਾਨ’ ਨਾਲ ਸ਼ੁਰੂ ਹੋਵੇਗਾ। ਮੌਜੂਦਾ ਕੁੰਭ 12 ਸਾਲਾਂ ਮਗਰੋਂ ਹੋਣ ਜਾ ਰਿਹਾ ਹੈ ਹਾਲਾਂਕਿ ਸਾਧ-ਸੰਤਾਂ ਅਨੁਸਾਰ 144 ਸਾਲ ਮਗਰੋਂ ਗ੍ਰਹਿਆਂ ’ਚ ਤਬਦੀਲੀ ਹੋ ਰਹੀ ਹੈ ਜਿਸ ਕਾਰਨ ਇਸ ਦਾ ਮਹੱਤਵ ਹੋਰ ਵੀ ਵੱਧ ਗਿਆ ਹੈ। ਉੱਤਰ ਪ੍ਰਦੇਸ਼ ਸਰਕਾਰ ਦਾ ਦਾਅਵਾ ਹੈ ਕਿ ਇਸ ਮੌਕੇ 35 ਕਰੋੜ ਤੋਂ ਵੱਧ ਸ਼ਰਧਾਲੂਆਂ ਦੇ ਪੁੱਜਣ ਦੀ ਉਮੀਦ ਹੈ ਪਰ ਦੱਸਿਆ ਜਾ ਰਿਹਾ ਹੈ ਕਿ ਸਮਾਗਮ ਦੀ ਰਸਮੀ ਸ਼ੁਰੂਆਤ ਤੋਂ ਪਹਿਲਾਂ ਹੀ 25 ਲੱਖ ਤੋਂ ਵੱਧ ਸ਼ਰਧਾਲੂ ਸੰਗਮ ’ਚ ਡੁਬਕੀ ਲਗਾ ਚੁੱਕੇ ਹਨ।
ਅਧਿਕਾਰੀਆਂ ਨੇ ਦੱਸਿਆ, ‘ਇਸ ਵਾਰ ਇਹ ਵਿਲੱਖਣ ਮਹਾਕੁੰਭ ਹੋਵੇਗਾ। ਅਧਿਆਤਮਿਕਤਾ ਦੇ ਨਾਲ ਨਾਲ ਇਹ ਆਧੁਨਿਕਤਾ ਦਾ ਪ੍ਰਦਰਸ਼ਨ ਵੀ ਕਰੇਗਾ ਕਿਉਂਕਿ ਇਸ ਵਾਰ ਇਹ ਇੱਕ ਤਰ੍ਹਾਂ ਦਾ ਡਿਜੀ-ਕੁੰਭ ਹੋਣ ਜਾ ਰਿਹਾ ਹੈ ਜਿਸ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਦੀ ਵੱਡੇ ਪੱਧਰ ’ਤੇ ਵਰਤੋਂ ਕੀਤੀ ਜਾਵੇਗੀ।’ ਦੁਨੀਆ ਭਰ ਤੋਂ ਵੱਡੀ ਗਿਣਤੀ ਸਾਧ-ਸੰਤ ਮਹਾਕੁੰਭ ਲਈ ਪਹੁੰਚ ਚੁੱਕੇ ਹਨ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਪ੍ਰਯਾਗਰਾਜ ਦੀਆਂ ਆਪਣੀਆਂ ਕਈ ਯਾਤਰਾਵਾਂ ’ਚੋਂ ਇੱਕ ਦੌਰਾਨ ਕਿਹਾ ਸੀ ਕਿ 13 ਜਨਵਰੀ ਤੋਂ 26 ਫਰਵਰੀ ਤੱਕ ਹੋਣ ਵਾਲਾ ਮਹਾਕੁੰਭ ਭਾਰਤ ਦੀ ਪ੍ਰਾਚੀਨ ਸੱਭਿਅਤਾ ਤੇ ਧਾਰਮਿਕ ਰਵਾਇਤਾਂ ਨੂੰ ਆਲਮੀ ਪੱਧਰ ਤੱਕ ਪਹੁੰਚਾਏਗਾ। ਉੱਤਰ ਪ੍ਰਦੇਸ਼ ਦੇ ਮੁੱਖ ਸਕੱਤਰ ਮਨੋਜ ਕੁਮਾਰ ਸਿੰਘ ਨੇ ਕਿਹਾ ਕਿ ਸੰਗਮ ਨੇੜੇ ਹੋਣ ਵਾਲੇ 45 ਰੋਜ਼ਾ ਇੱਕ ਸਮਾਗਮ ’ਚ 35 ਕਰੋੜ ਤੋਂ ਵੱਧ ਸ਼ਰਧਾਲੂਆਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਮੌਨੀ ਮੱਸਿਆ ਦੌਰਾਨ ਅਨੁਮਾਨਤ 4-5 ਕਰੋੜ ਸ਼ਰਧਾਲੂਆਂ ਦੇ ਪ੍ਰਯਾਗਰਾਜ ਪੁੱਜਣ ਤੇ ਇਸ਼ਨਾਨ ’ਚ ਸ਼ਾਮਲ ਹੋਣ ਦੀ ਉਮੀਦ ਹੈ। ਉਨ੍ਹਾਂ ਦੱਸਿਆ ਕਿ ਮਹਾਕੁੰਭ ਲਈ ਸੂਬੇ ਦਾ ਬਜਟ ਤਕਰੀਬਨ ਸੱਤ ਹਜ਼ਾਰ ਕਰੋੜ ਰੁਪਏ ਦਾ ਹੈ। ਉਨ੍ਹਾਂ ਕਿਹਾ, ‘ਪਿਛਲਾ ਕੁੰਭ ਸਵੱਛਤਾ ਲਈ ਜਾਣਿਆ ਜਾਂਦਾ ਸੀ। ਇਸ ਵਾਰ ਇਹ ਸਵੱਛਤਾ, ਸੁਰੱਖਿਆ ਤੇ ਡਿਜੀਟਲ ਕੁੰਭ ਹੈ।’ ਉਨ੍ਹਾਂ ਦੱਸਿਆ, ‘2019 ’ਚ ਕੁੰਭ ਹੋਇਆ ਸੀ। ਇਹ ਮਹਾਕੁੰਭ ਹੈ ਅਤੇ ਪਿਛੇ ਕੁੰਭ ’ਚ 24 ਕਰੋੜ ਸ਼ਰਧਾਲੂ ਆਏ ਸਨ ਜਦਕਿ ਇਸ ਵਾਰ 35 ਕਰੋੜ ਤੋਂ ਵੱਧ ਸ਼ਰਧਾਲੂਆਂ ਦੇ ਆਉਣ ਦੀ ਉਮੀਦ ਹੈ।’