ਬੌਲੀਵੁੱਡ ਸੁਪਰਸਟਾਰ ਆਮਿਰ ਖ਼ਾਨ ਦੀ ਧੀ ਇਰਾ ਦਾ ਵਿਆਹ ਸਮਾਰੋਹ ਅੱਜ ਉਦੈਪੁਰ ਵਿੱਚ ਸ਼ੁਰੂ ਹੋ ਗਿਆ ਜੋ 10 ਜਨਵਰੀ ਤੱਕ ਚੱਲੇਗਾ। ਇਸ ਦੌਰਾਨ ਇਰਾ ਤੇ ਨੂਪੁਰ ਸ਼ਿਖਰੇ ਫੇਰੇ ਲੈਣਗੇ। ਆਮਿਰ ਖ਼ਾਨ ਦਾ ਛੋਟਾ ਪੁੱਤਰ ਆਜ਼ਾਦ ਆਪਣੀ ਭੈਣ ਇਰਾ ਖ਼ਾਨ ਦੇ ਵਿਆਹ ਸਮਾਗਮ ’ਚ ਪਿਆਨੋ ਵਜਾਏਗਾ। ਸੂਤਰਾਂ ਅਨੁਸਾਰ ਆਮਿਰ ਨੇ ਇਸ ਸਮਾਰੋਹ ਦੌਰਾਨ ਸ਼ਹਿਨਾਈ ਸਮਾਗਮ ਦਾ ਵਿਸ਼ੇਸ਼ ਪ੍ਰਬੰਧ ਕੀਤਾ ਹੋਇਆ ਹੈ। ਆਮਿਰ ਖ਼ਾਨ ਆਪਣੀ ਨਿਗਰਾਨੀ ਹੇਠ ਸਮਾਗਮ ਦੇ ਪ੍ਰਬੰਧਾਂ ਦਾ ਜਾਇਜ਼ਾ ਲੈ ਰਹੇ ਹਨ। ਮੀਨੂ ਵਿੱਚ ਗੁਜਰਾਤੀ ਅਤੇ ਮਰਾਠੀ ਭੋਜ ਸ਼ਾਮਲ ਕੀਤੇ ਗਏ ਹਨ। ਇਸ ਤੋਂ ਪਹਿਲਾਂ ਮੁੰਬਈ ਵਿੱਚ ਸਮਾਰੋਹ ਦੌਰਾਨ ਆਮਿਰ ਨੇ ਅੰਮ੍ਰਿਤਸਰੀ ਕੁਲਚੇ ਬਣਾਉਣ ਲਈ ਅੰਮ੍ਰਿਤਸਰ ਤੋਂ ਇੱਕ ਸ਼ੈੱਫ ਬੁਲਾਇਆ ਸੀ ਅਤੇ ਉੱਤਰ ਪ੍ਰਦੇਸ਼ ਤੋਂ ਵੀ ਇੱਕ ਸਟ੍ਰੀਟ ਫੂਡ ਪ੍ਰਬੰਧਕ ਆਇਆ ਸੀ। ਇਰਾ ਅਤੇ ਨੂਪੁਰ ਨੇ 3 ਜਨਵਰੀ ਨੂੰ ਮੁੰਬਈ ਦੇ ਬਾਂਦਰਾ ਇਲਾਕੇ ਵਿੱਚ ਸਥਿਤ ਹੋਟਲ ਤਾਜ ਲੈਂਡਜ਼ ਐਂਡ ਵਿੱਚ ਦੋਸਤਾਂ ਅਤੇ ਪਰਿਵਾਰਕ ਮੈਂਬਰਾਂ ਦੀ ਮੌਜੂਦਗੀ ਵਿੱਚ ਵਿਆਹ ਦੇ ਦਸਤਾਵੇਜ਼ਾਂ ’ਤੇ ਹਸਤਾਖ਼ਰ ਕੀਤੇ ਸਨ। ਇਰਾ ਵਿਆਹ ਦੇ ਜੋੜੇ ਵਿਚ ਬਹੁਤ ਫਬ ਰਹੀ ਸੀ ਜਦਕਿ ਨੂਪੁਰ ਨੇ ਰਵਾਇਤੀ ਪਹਿਰਾਵੇ ਦੀ ਥਾਂ ਕਾਲੀ ਬਨੈਣ ਅਤੇ ਸਫੈਦ ਨਿੱਕਰ ਪਾਈ ਹੋਈ ਸੀ। ਆਮਿਰ ਨੇ ਵਿਆਹ ਸਮਾਗਮ ਵੇਲੇ ਮੁਕੇਸ਼ ਅੰਬਾਨੀ ਅਤੇ ਨੀਤਾ ਅੰਬਾਨੀ ਦਾ ਸਵਾਗਤ ਕੀਤਾ ਸੀ।

