ਰਾਜਸਥਾਨ ਦੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਨੇ ਗ੍ਰਹਿ ਤੇ ਆਬਕਾਰੀ ਸਣੇ ਅੱਠ ਵਿਭਾਗ ਆਪਣੇ ਕੋਲ ਰੱਖ ਕੇ ਬਾਕੀ ਮਹਿਕਮੇ ਮੰਤਰੀਆਂ ਨੂੰ ਵੰਡ ਦਿੱਤੇ ਹਨ। ਉਪ ਮੁੱਖ ਮੰਤਰੀ ਦੀਆ ਕੁਮਾਰ ਨੂੰ ਵਿੱਤ, ਸੈਰ-ਸਪਾਟਾ, ਕਲਾ ਤੇ ਸਭਿਆਚਾਰ, ਪੀਡਬਲਿਊਡੀ ਅਤੇ ਮਹਿਲਾ ਤੇ ਬਾਲ ਵਿਕਾਸ ਵਿਭਾਗ ਦਿੱਤੇ ਹਨ। ਪ੍ਰੇਮ ਚੰਦ ਬੈਰਵਾ, ਜਿਨ੍ਹਾਂ 15 ਦਸੰਬਰ ਨੂੰ ਸੂਬੇ ਦੇ ਦੂਜੇ ਮੁੱਖ ਮੰਤਰੀ ਵਜੋਂ ਹਲਫ਼ ਲਿਆ ਸੀ, ਨੂੰ ਤਕਨੀਕੀ ਸਿੱਖਿਆ, ਉੱਚੇਰੀ ਸਿੱਖਿਆ, ਆਯੂਰਵੇਦ, ਟਰਾਂਸਪੋਰਟ ਤੇ ਸੜਕ ਸੁਰੱਖਿਆ ਮਹਿਕਮਿਆਂ ਦਾ ਚਾਰਜ ਮਿਲਿਆ ਹੈ। ਕਿਰੋੜੀ ਲਾਲ ਮੀਨਾ ਨੂੰ ਖੇਤੀ, ਪੇਂਡੂ ਵਿਕਾਸ, ਆਫ਼ਤ ਪ੍ਰਬੰਧਨ ਤੇ ਲੋਕ ਸ਼ਿਕਾਇਤਾਂ ਵਿਭਾਗ ਦਿੱਤੇ ਗਏ ਹਨ। ਇਸੇ ਤਰ੍ਹਾਂ ਰਾਜਵਰਧਨ ਰਾਠੌਰ ਨੂੰ ਸਨਅਤਾਂ, ਆਈਟੀ ਤੇ ਸੰਚਾਰ, ਨੌਜਵਾਨ ਮਾਮਲੇ ਤੇ ਖੇਡਾਂ, ਹੁਨਰ ਵਿਕਾਸ ਤੇ ਉੱਦਮੀ ਅਤੇ ਸੈਨਿਕ ਕਲਿਆਣ ਵਿਭਾਗਾਂ ਦੀ ਕਮਾਨ ਸੌਂਪੀ ਗਈ ਹੈ। ਮੀਨਾ ਤੇ ਰਾਠੌਰ ਨੇ ਅਸੈਂਬਲੀ ਚੋਣਾਂ ਲੜਨ ਲਈ ਸੰਸਦ ਦੀ ਮੈਂਬਰੀ ਤੋਂ ਅਸਤੀਫਾ ਦਿੱਤਾ ਸੀ। 30 ਦਸੰਬਰ ਨੂੰ ਹੋਏ ਹਲਫ਼ਦਾਰੀ ਸਮਾਗਮ ਦੌਰਾਨ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀਆਂ ਨੂੰ ਛੱਡ ਕੇ 22 ਮੰਤਰੀਆਂ ਨੇ ਸਹੁੰ ਚੁੱਕੀ ਸੀ। ਹੋਰਨਾਂ ਕੈਬਨਿਟ ਮੰਤਰੀਆਂ ਵਿਚੋਂ ਮਦਨ ਦਿਲਾਵਰ ਨੂੰ ਸਕੂਲ ਸਿੱਖਿਆ, ਪੰਚਾਇਤੀ ਰਾਜ ਤੇ ਸੰਸਕ੍ਰਿਤ ਸਿੱਖਿਆ ਵਿਭਾਗ ਜਦੋਂਕਿ ਗਜੇਂਦਰ ਸਿੰਘ ਖੀਮਸਾਰ ਨੂੰ ਮੈਡੀਕਲ ਤੇ ਸਿਹਤ ਮਹਿਕਮੇ ਮਿਲੇ ਹਨ। ਮੁੱਖ ਮੰਤਰੀ ਸ਼ਰਮਾ ਨੇ ਆਪਣੇ ਕੋਲ ਅਮਲਾ, ਯੋਜਨਾਬੰਦੀ, ਸੂਚਨਾ ਤੇ ਲੋਕ ਸੰਪਰਕ ਅਤੇ ਐਂਟੀ-ਕੁਰੱਪਸ਼ਨ ਬਿਊਰੋ ਦੇ ਵਿਭਾਗ ਰੱਖੇ ਹਨ। ਜੋਗਾਰਾਮ ਨੂੰ ਸੰਸਦੀ ਮਾਮਲੇ, ਕਾਨੂੰਨ ਤੇ ਕਾਨੂੰਨੀ ਮਸਲੇ, ਕਨੱਈਆ ਲਾਲ ਨੂੰ ਲੋਕ ਸਿਹਤ ਤੇ ਇੰਜਨੀਅਰਿੰਗ ਤੇ ਜ਼ਮੀਨਦੋਜ਼ ਪਾਣੀ, ਅਵਿਨਾਸ਼ ਗਹਿਲੋਤ ਨੂੰ ਸਮਾਜਿਕ ਨਿਆਂ ਤੇ ਸਸ਼ਕਤੀਕਰਨ, ਸੁਮਿਤ ਗੋਦਾਰਾ ਨੂੰ ਖੁਰਾਕ ਤੇ ਸਿਵਲ ਸਪਲਾਈਜ਼ ਤੇ ਖਪਤਕਾਰ ਮਾਮਲੇ ਵਿਭਾਗ ਦਿੱਤੇ ਗਏ ਹਨ।

