ਬੰਗਲਾਦੇਸ਼ ਦੀ 67 ਸਾਲਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਲਗਾਤਾਰ ਚੌਥੀ ਵਾਰ ਆਮ ਚੋਣਾਂ ਜਿੱਤ ਲਈਆਂ ਹਨ। ਮੁੱਖ ਵਿਰੋਧੀ ਧਿਰ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (ਬੀਐੱਨਪੀ) ਅਤੇ ਇਸ ਦੇ ਸਹਿਯੋਗੀਆਂ ਵੱਲੋਂ ਚੋਣਾਂ ਦੇ ਬਾਈਕਾਟ ਨੇ ਹਸੀਨਾ ਦੀ ਪਾਰਟੀ ਅਵਾਮੀ ਲੀਗ ਲਈ ਜਿੱਤ ਦਾ ਰਾਹ ਆਸਾਨ ਬਣਾ ਦਿੱਤਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਹਸੀਨਾ ਦੀ ਪਾਰਟੀ ਨੇ 300 ਸੀਟਾਂ ਵਾਲੀ ਸੰਸਦ ‘ਚ 223 ਸੀਟਾਂ ਜਿੱਤੀਆਂ ਹਨ। ਇਕ ਉਮੀਦਵਾਰ ਦੀ ਮੌਤ ਕਾਰਨ 299 ਸੀਟਾਂ ‘ਤੇ ਚੋਣਾਂ ਹੋਈਆਂ ਸਨ। ਇਸ ਸੀਟ ‘ਤੇ ਬਾਅਦ ‘ਚ ਵੋਟਿੰਗ ਹੋਵੇਗੀ। ਸੰਸਦ ਵਿੱਚ ਮੁੱਖ ਵਿਰੋਧੀ ਜਾਤੀਆ ਪਾਰਟੀ ਨੇ 11, ਬੰਗਲਾਦੇਸ਼ ਕਲਿਆਣ ਪਾਰਟੀ ਨੇ ਇੱਕ ਅਤੇ ਆਜ਼ਾਦ ਉਮੀਦਵਾਰਾਂ ਨੇ 62 ਸੀਟਾਂ ਜਿੱਤੀਆਂ ਹਨ। ਬੰਗਲਾਦੇਸ਼ ਦੇ ਰਾਸ਼ਟਰੀ ਸਮਾਜ ਤੰਤਰ ਦਲ ਅਤੇ ਵਰਕਰਜ਼ ਪਾਰਟੀ ਨੇ ਇੱਕ-ਇੱਕ ਸੀਟ ਜਿੱਤੀ ਹੈ।

