ਪੰਜਾਬ ਕਾਂਗਰਸ ਮਾਮਲਿਆਂ ਦੇ ਨਵੇਂ ਬਣੇ ਇੰਚਾਰਜ ਦਵਿੰਦਰ ਯਾਦਵ ਨੇ ਕਿਹਾ ਕਿ ਉਹ ਪੰਜਾਬ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਗੱਠਜੋੜ ਸਬੰਧੀ ਆਪਣੀ ਰਾਏ ਕਾਂਗਰਸ ਦੇ ਅਹੁਦੇਦਾਰਾਂ ਅਤੇ ਵਰਕਰਾਂ ਨਾਲ ਮੀਟਿੰਗ ਤੋਂ ਬਾਅਦ ਹਾਈ ਕਮਾਂਡ ਨੂੰ ਦੇਣਗੇ। ਉਹ ਅੱਜ ਇੱਥੇ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਆਏ ਸਨ।
ਸ੍ਰੀ ਯਾਦਵ ਨੇ ਪੰਜਾਬ ਵਿੱਚ ਗਤੀਵਿਧੀਆਂ ਸ਼ੁਰੂ ਕਰਨ ਤੋਂ ਪਹਿਲਾਂ ਅੱਜ ਇੱਥੇ ਗੁਰੂ ਘਰ ਵਿਖੇ ਨਤਮਸਤਕ ਹੋ ਕੇ ਆਸ਼ੀਰਵਾਦ ਲਿਆ। ਇਸ ਮੌਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਹੋਰ ਕਾਂਗਰਸੀ ਆਗੂ ਹਾਜ਼ਰ ਸਨ। ਇਸ ਮੌਕੇ ਕਾਂਗਰਸੀ ਆਗੂਆਂ ਨੇ ਪੰਜਾਬ ਕਾਂਗਰਸ ਵਿੱਚ ਏਕਤਾ ਹੋਣ ਦਾ ਦਾਅਵਾ ਕੀਤਾ ਪਰ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਨਵਜੋਤ ਸਿੰਘ ਸਿੱਧੂ ਵਿਚਾਲੇ ਦੂਰੀ ਸਪੱਸ਼ਟ ਦਿਖਾਈ ਦਿੱਤੀ।
ਪੰਜਾਬ ਕਾਂਗਰਸ ਦੇ ਦੋਵਾਂ ਆਗੂਆਂ ਵਿਚਾਲੇ ਦੂਰੀ ਬਾਰੇ ਸ੍ਰੀ ਯਾਦਵ ਨੇ ਫਿਲਹਾਲ ਕੁਝ ਕਹਿਣ ਤੋਂ ਟਾਲਾ ਵੱਟਦਿਆਂ ਕਿਹਾ ਕਿ ਇਹ ਉਨ੍ਹਾਂ ਦਾ ਪਹਿਲਾ ਪੰਜਾਬ ਦੌਰਾ ਹੈ।
ਪੰਜਾਬ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿਚਾਲੇ ਗੱਠਜੋੜ ਸਬੰਧੀ ਗੱਲ ਕਰਦਿਆਂ ਸ੍ਰੀ ਯਾਦਵ ਨੇ ਆਖਿਆ ਕਿ ਉਹ ਜਲਦੀ ਹੀ ਚੰਡੀਗੜ੍ਹ ਵਿਚ ਕਾਂਗਰਸੀ ਅਹੁਦੇਦਾਰਾਂ ਅਤੇ ਬਲਾਕ ਪ੍ਰਧਾਨ ਤੱਕ ਦੇ ਅਹੁਦੇਦਾਰਾਂ ਨਾਲ ਮੀਟਿੰਗ ਕਰਨਗੇ ਜਿਸ ਵਿੱਚ ਕਾਂਗਰਸੀ ਆਗੂਆਂ ਤੇ ਲੋਕਾਂ ਦੀ ਇਸ ਸਬੰਧੀ ਰਾਏ ਜਾਣੀ ਜਾਵੇਗੀ। ਇਸ ਤੋਂ ਬਾਅਦ ਪੰਜਾਬ ਦੇ ਕਾਂਗਰਸੀ ਆਗੂਆਂ ਅਤੇ ਲੋਕਾਂ ਦੀ ਇਸ ਗੱਠਜੋੜ ਸਬੰਧੀ ਰਾਏ ਕਾਂਗਰਸ ਹਾਈ ਕਮਾਂਡ ਨੂੰ ਦੇਣਗੇ।
ਇਸ ਮਗਰੋਂ ਕਾਂਗਰਸ ਹਾਈ ਕਮਾਂਡ ਆਪਣਾ ਫ਼ੈਸਲਾ ਲਵੇਗੀ। ਉਨ੍ਹਾਂ ਕਿਹਾ ਕਿ ਕਾਂਗਰਸ ਹਾਈ ਕਮਾਂਡ ਸਪੱਸ਼ਟ ਕਰ ਚੁੱਕੀ ਹੈ ਕਿ ਇਸ ਮਾਮਲੇ ਵਿੱਚ ਕਾਂਗਰਸੀ ਆਗੂਆਂ ਅਤੇ ਲੋਕਾਂ ਦੀ ਰਾਏ ਮੁਤਾਬਕ ਹੀ ਅਗਲਾ ਫੈਸਲਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ਪੂਰੀ ਤਰ੍ਹਾਂ ਇਕਜੁੱਟ ਹੈ ਤੇ ਇਕਜੁੱਟ ਹੀ ਰਹੇਗੀ।

