ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਵਿਸ਼ਵ ਕੱਪ ਜੇਤੂ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਭਾਰਤੀ ਕ੍ਰਿਕਟ ਪ੍ਰਤੀ ਯੋਗਦਾਨ ਬਦਲੇ ਉਸ ਦੀ 7 ਨੰਬਰ ਵਾਲੀ ਜਰਸੀ ਰਿਟਾਇਰ ਕਰਨ ਦਾ ਫ਼ੈਸਲਾ ਕੀਤਾ ਹੈ। ਧੋਨੀ ਨੇ ਦੇਸ਼ ਲਈ ਆਪਣਾ ਆਖਰੀ ਮੈਚ 2019 ਦੇ ਵਿਸ਼ਵ ਕੱਪ ਦੇ ਸੈਮੀਫਾਈਨਲ ’ਚ ਨਿਊਜ਼ੀਲੈਂਡ ਖ਼ਿਲਾਫ਼ ਖੇਡਿਆ ਸੀ। ਉਸ ਨੇ 15 ਅਗਸਤ 2020 ਨੂੰ ਕ੍ਰਿਕਟ ਤੋਂ ਸੰਨਿਆਸ ਦਾ ਐਲਾਨ ਕੀਤਾ ਸੀ ਅਤੇ ਉਸ ਤੋਂ ਬਾਅਦ ਹੁਣ ਤੱਕ ਕਿਸੇ ਵੀ ਖ਼ਿਡਾਰੀ ਨੇ 7 ਨੰਬਰ ਜਰਸੀ ਨਹੀਂ ਪਹਿਨੀ ਹੈ।
ਬੀਸੀਸੀਆਈ ਦੇ ਉਪ ਪ੍ਰਧਾਨ ਰਾਜੀਵ ਸ਼ੁਕਲਾ ਮੁਤਾਬਕ ਬੋਰਡ ਵੱਲੋਂ ਇਹ ਫ਼ੈਸਲਾ ਵੀਰਵਾਰ ਨੂੰ ਕੀਤਾ ਗਿਆ। ਸ਼ੁਕਲਾ ਨੇ ਕਿਹਾ, ‘‘ਉਹ (ਧੋਨੀ) ਇੱਕ ਮਹਾਨ ਖਿਡਾਰੀ ਹੈ। ਉਸ ਨੇ ਭਾਰਤੀ ਅਤੇ ਵਿਸ਼ਵ ਕ੍ਰਿਕਟ ਲਈ ਅਥਾਹ ਯੋਗਦਾਨ ਦਿੱਤਾ ਹੈ।’’ ਦੱਸਣਯੋਗ ਹੈ ਕਿ ਸਚਿਨ ਤੇਂਦੁਲਕਰ ਵੱਲੋਂ 2013 ’ਚ ਕ੍ਰਿਕਟ ਤੋਂ ਸੰਨਿਆਸ ਲੈਣ ਮਗਰੋਂ ਤੇਜ਼ ਗੇਂਦਬਾਜ਼ ਸ਼ਾਰਦੁਲ ਠਾਕੁਰ ਤੋਂ ਇਲਾਵਾ ਕਿਸੇ ਵੀ ਹੋਰ ਖਿਡਾਰੀ ਨੇ 10 ਨੰਬਰ ਦੀ ਜਰਸੀ ਨਹੀਂ ਪਹਿਨੀ ਸੀ। ਠਾਕੁਰ ਨੇ ਸ੍ਰੀਲੰਕਾ ਖ਼ਿਲਾਫ਼ 2017 ’ਚ ਆਪਣੇ ਕਰੀਅਰ ਦੇ ਪਹਿਲੇ ਇੱਕ ਰੋਜ਼ਾ ਮੈਚ ਵਿੱਚ 10 ਨੰਬਰ ਦੀ ਜਰਸੀ ਪਹਿਨੀ ਸੀ ਪਰ ਇਸ ਕਰਕੇ ਸੋਸ਼ਲ ਮੀਡੀਆ ’ਤੇ ਉਸ ਨੂੰ ਕਾਫੀ ਜ਼ਿਆਦਾ ਟਿੱਪਣੀਆਂ ਦਾ ਸਾਹਮਣਾ ਕਰਨਾ ਪਿਆ ਸੀ।

