ਪਟਨਾ 30 ਜੂਨ (ਪ੍ਰੈਸ ਕਿ ਤਾਕਤ) : ਬਿਹਾਰ ਦੇ ਸਿਖਿਆ ਵਿਭਾਗ ਨੇ ਮੁਲਾਜ਼ਮਾਂ ਨੂੰ ਦਫ਼ਤਰ ’ਚ ਜੀਂਸ ਤੇ ਟੀ-ਸ਼ਰਟ ਵਰਗੇ ਕੈਜ਼ੂਅਲ ਕੱਪੜੇ ਨਾ ਪਾਉਣ ਦਾ ਨਿਰਦੇਸ਼ ਦਿੱਤਾ। ਸਿਖਿਆ ਵਿਭਾਗ ਦੇ ਡਾਇਰੈਕਟਰ (ਪ੍ਰਸ਼ਾਸਨ) ਨੇ ਬੁੱਧਵਾਰ ਨੂੰ ਜਾਰੀ ਇਕ ਹੁਕਮ ’ਚ ਮੁਲਾਜ਼ਮਾਂ ਦੇ ਟੀ-ਸ਼ਰਟ ਅਤੇ ਜੀਂਸ ਪਾ ਕੇ ਦਫ਼ਤਰਾਂ ’ਚ ਆਉਣ ’ਤੇ ਇਤਰਾਜ਼ ਜਤਾਇਆ। ਹੁਕਮ ’ਚ ਕਿਹਾ ਗਿਆ ਹੈ ਕਿ ਇਹ ਦੇਖਿਆ ਗਿਆ ਹੈ ਕਿ ਵਿਭਾਗ ਦੇ ਅਧਿਕਾਰੀ ਤੇ ਮੁਲਾਜ਼ਮ ਅਜਿਹੇ ਕੱਪੜੇ ਪਾ ਕੇ ਦਫ਼ਤਰ ਆ ਰਹੇ ਹਨ, ਜੋ ਦਫ਼ਤਰੀ ਸੰਸਕ੍ਰਿਤੀ ਦੇ ਵਿਰੁੱਧ ਹਨ। ਦਫ਼ਤਰ ’ਚ ਅਧਿਕਾਰੀਆਂ ਜਾਂ ਹੋਰ ਮੁਲਾਜ਼ਮਾਂ ਦਾ ਕੈਜ਼ੂਅਲ ਕੱਪੜੇ ਪਾਉਣਾ ਦਫ਼ਤਰ ਦੇ ਕੰਮਕਾਜ ਦੀ ਸੰਸਕ੍ਰਿਤੀ ਦੇ ਵਿਰੁੱਧ ਹੈ। ਹੁਕਮ ’ਚ ਅੱਗੇ ਕਿਹਾ ਗਿਆ,‘ਇਸ ਲਈ ਸਾਰੇ ਅਧਿਕਾਰੀ ਤੇ ਮੁਲਾਜ਼ਮ ਸਿਖਿਆ ਵਿਭਾਗ ਦੇ ਦਫ਼ਤਰਾਂ ’ਚ ਫਾਰਮਲ ਕੱਪੜੇ ਪਾ ਕੇ ਆਉਣ।’ ਇਸ ਹੁਕਮ ’ਤੇ ਬਿਹਾਰ ਦੇ ਸਿਖਿਆ ਮੰਤਰੀ ਚੰਦਰਸ਼ੇਖਰ ਦੀ ਪ੍ਰਤੀਕਿਰਿਆ ਜਾਣਨ ਲਈ ਉਨ੍ਹਾਂ ਨਾਲ ਕਈ ਵਾਰ ਸੰਪਰਕ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।