ਮਣੀਪੁਰ ‘ਚ ਹਿੰਸਾ ਅਤੇ ਔਰਤਾਂ ਨੂੰ ਨਗਨ ਕਰਕੇ ਪਰੇਡ ਦੇ ਮਾਮਲੇ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਔਰਤਾਂ ਨੂੰ ਨਗਨ ਕਰਨ ਦੀ ਘਟਨਾ ਨੂੰ ਲੈ ਕੇ ਸੜਕ ਤੋਂ ਸੰਸਦ ਤੱਕ ਹੰਗਾਮਾ ਹੋ ਗਿਆ ਹੈ। ਇਸ ਮੁੱਦੇ ‘ਤੇ ਸਿਆਸਤਦਾਨਾਂ ‘ਚ ਬਹਿਸ ਚੱਲ ਰਹੀ ਹੈ ਪਰ ਸਿਆਸਤ ਤੋਂ ਇਲਾਵਾ ਸ਼ਾਇਦ ਹੀ ਕੋਈ ਉਨ੍ਹਾਂ ਔਰਤਾਂ ਦੇ ਦਰਦ ਨੂੰ ਸਮਝ ਸਕੇ, ਜਿਨ੍ਹਾਂ ਦੀ ਇੱਜ਼ਤ ਨੂੰ ਸਭ ਦੇ ਸਾਹਮਣੇ ਤਾਰ-ਤਾਰ ਕੀਤਾ ਗਿਆ ਹੈ। ਦੂਜੇ ਪਾਸੇ ਮਨੀਪੁਰ ਹਿੰਸਾ ਦੌਰਾਨ ਨਗਨ ਕਰਕੇ ਪਰੇਡ ਕਰਵਾਈ ਗਈ, ਉਨ੍ਹਾਂ ‘ਚੋਂ ਇਕ ਦਾ ਪਤੀ ਕਾਰਗਿਲ ਯੁੱਧ ਦਾ ਯੋਧਾ ਹੈ। ਕਾਰਗਿਲ ਦੇ ਫੌਜੀ ਨੇ ਦੱਸਿਆ ਕਿ ਮਨੀਪੁਰ ‘ਚ 4 ਮਈ ਨੂੰ ਹੋਈ ਹਿੰਸਾ ਦੌਰਾਨ ਉਨ੍ਹਾਂ ਦੀ ਪਤਨੀ ਨੂੰ ਭੀੜ ਨੇ ਨਗਨ ਕਰ ਘੁੰਮਾਇਆ ਗਿਆ। ਅਸੀਂ ਹੱਥ ਜੋੜਦੇ ਰਹੇ ਪਰ ਕਿਸੇ ਨੂੰ ਤਰਸ ਨਾ ਆਇਆ। ਫੌਜੀ ਨੇ ਦੱਸਿਆ ਕਿ ਇਸ ਮਾਮਲੇ ‘ਚ 18 ਮਈ ਨੂੰ ਸੈਕੁਲ ਪੁਲਸ ਸਟੇਸ਼ਨ ‘ਚ ਸ਼ਿਕਾਇਤ ਦਰਜ ਕਰਵਾਈ ਗਈ ਸੀ। ਇਸ ਸ਼ਿਕਾਇਤ ਦੇ ਆਧਾਰ ‘ਤੇ 18 ਮਈ ਨੂੰ ਕਾਂਗਪੋਕਪੀ ਜ਼ਿਲ੍ਹੇ ਦੇ ਸੈਕੁਲ ਪੁਲਸ ਸਟੇਸ਼ਨ ‘ਚ ਜ਼ੀਰੋ ਐੱਫ.ਆਈ.ਆਰ ਦਰਜ ਕੀਤੀ ਗਈ ਸੀ ਪਰ ਕਿਸੇ ਕਾਰਵਾਈ ਨੂੰ ਲੈ ਕੇ ਕੋਈ ਕਾਲ ਨਹੀਂ ਆਈ। ਕੋਈ ਗਵਾਹ ਅੱਗੇ ਨਹੀਂ ਆਇਆ, ਕੋਈ ਸਾਡੀ ਮਦਦ ਲਈ ਅੱਗੇ ਨਹੀਂ ਆਇਆ ਅਤੇ ਅਸੀਂ ਉਸ ਸਮੇਂ ਦੇ ਦਰਦ ਦਾ ਜ਼ਹਿਰ ਪੀ ਕੇ ਰਹਿ ਗਏ।