ਪੱਛਮੀ ਬੰਗਾਲ ਦੇ ਰਾਜਪਾਲ ਸੀਵੀ ਆਨੰਦ ਬੋਸ ਨੇ ਈਡੀ ਦੇ ਅਧਿਕਾਰੀਆਂ ’ਤੇ ਹਮਲੇ ਦੇ ਮਾਮਲੇ ’ਚ ਮੁੱਖ ਮੁਲਜ਼ਮ ਤਿ੍ਣਮੂਲ ਕਾਂਗਰਸ ਦੇ ਆਗੂ ਸ਼ਾਹਜਹਾਂ ਸ਼ੇਖ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੇ ਨਾਲ ਅਤਿਵਾਦੀਆਂ ਨਾਲ ਉਸ ਦੇ ਕਥਿਤ ਸਬੰਧਾਂ ਦੀ ਜਾਂਚ ਦੇ ਨਿਰਦੇਸ਼ ਦਿੱਤੇ ਹਨ। ਬੋਸ ਨੇ ਚਿੰਤਾ ਜਤਾਈ ਕਿ ਟੀਐਮਸੀ ਆਗੂ ਨੇ ਸ਼ਾਇਦ ‘ਹਦ ਪਾਰ ਕਰ ਦਿੱਤੀ ਹੈ।’ ਸ਼ੇਖ ਦੇ ਅਤਿਵਾਦੀਆਂ ਨਾਲ ਕਥਿਤ ਸਬੰਧ ਹੋਣ ਬਾਰੇ ਰਾਜਪਾਲ ਦੀਆਂ ਟਿੱਪਣੀਆਂ ਦੀ ਸੱਤਾਧਾਰੀ ਟੀਐਮਸੀ ਨੇ ਐਤਵਾਰ ਨੂੰ ਤਿੱਖੀ ਆਲੋਚਨਾ ਕੀਤੀ। ਰਾਜ ਭਵਨ ਵੱਲੋਂ ਜਾਰੀ ਬਿਆਨ ’ਚ ਕਿਹਾ ਗਿਆ ਕਿ ਰਾਜਪਾਲ ਨੇ ਸ਼ਿਕਾਇਤ ਮਿਲਣ ਤੋਂ ਬਾਅਦ ਪੁਲੀਸ ਮੁਖੀ ਨੂੰ ਮੁਲਜ਼ਮ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੇ ਨਿਰਦੇਸ਼ ਦਿੱਤੇ ਹਨ।

