ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਪੱਤਰਕਾਰਾਂ ਦੀ ਮਾਸਿਕ ਪੈਨਸ਼ਨ ਵਧਾਉਣ ਤੋਂ ਬਾਅਦ ਮਾਨਤਾ ਪ੍ਰਾਪਤ ਪੱਤਰਕਾਰਾਂ ਦੀ ਬੀਮਾ ਰਾਸ਼ੀ 5 ਲੱਖ ਰੁਪਏ ਤੋਂ ਵਧਾ ਕੇ 10 ਲੱਖ ਰੁਪਏ ਕਰਨ ਲਈ ਪ੍ਰਵਾਨਗੀ ਦੇ ਦਿੱਤੀ ਹੈ। ਇਸ ਫੈਸਲੇ ਤਹਿਤ ਮਾਨਤਾ ਪ੍ਰਾਪਤ ਪੱਤਰਕਾਰਾਂ ਦਾ 10 ਲੱਖ ਰੁਪਏ ਤੱਕ ਦੇ ਬੀਮਾ ’ਤੇ ਪ੍ਰੀਮੀਅਮ ਦੀ ਸੌ-ਫੀਸਦੀ ਰਕਮ ਸੂਬਾ ਸਰਕਾਰ ਵੱਲੋਂ ਭੁਗਤਾਨ ਕੀਤੀ ਜਾਵੇਗੀ। ਹਾਲਾਂਕਿ 20 ਲੱਖ ਰੁਪਏ ਤਕ ਦਾ ਬੀਮਾ ਕਰਵਾਉਣ ਦੇ ਇਛੁੱਕ ਪੱਤਰਕਾਰਾਂ ਦੇ ਪ੍ਰੀਮੀਅਮ ਦਾ 50 ਫੀਸਦੀ ਖਰਚਾ ਸੂਬਾ ਸਰਕਾਰ ਵੱਲੋਂ ਦਿੱਤਾ ਜਾਵੇਗਾ। ਲੋਕ ਸੰਪਰਕ ਤੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਡਾ. ਅਮਿਤ ਅਗਰਵਾਲ ਨੇ ਕਿਹਾ ਕਿ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੱਲੋਂ ਪੱਤਰਕਾਰਾਂ ਦੀ ਭਲਾਈ ਲਈ ਫ਼ੈਸਲੇ ਲਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਨੇ ਭਾਰਤੀ ਜੀਵਨ ਬੀਮਾ ਨਿਗਮ (ਐੱਲਆਈਸੀ) ਰਾਹੀਂ ਮਾਨਤਾ ਪ੍ਰਾਪਤ 1038 ਪੱਤਰਕਾਰਾਂ ਦਾ 5 ਲੱਖ ਰੁਪਏ ਤੱਕ ਦਾ ਬੀਮਾ ਕਰਵਾਇਆ ਹੋਇਆ ਸੀ। ਸੂਬਾ ਸਰਕਾਰ ਵੱਲੋਂ ਪੱਤਰਕਾਰਾਂ ਦੇ 5 ਲੱਖ ਰੁਪਏ ਤਕ ਦੇ ਬੀਮਾ ਦੇ ਪੂਰਾ ਪ੍ਰੀਮੀਅਮ ਭੁਗਤਾਨ ਕੀਤਾ ਜਾ ਰਿਹਾ ਸੀ। ਹੁਣ ਸਰਕਾਰ ਨੇ ਪੱਤਰਕਾਰਾਂ ਦਾ ਬੀਮਾ 5 ਲੱਖ ਰੁਪਏ ਤੋਂ ਵਧਾ ਕੇ 10 ਲੱਖ ਰੁਪਏ ਕਰ ਦਿੱਤਾ ਹੈ। ਇਸ ਬੀਮਾ ਰਾਸ਼ੀ ਦਾ ਪੂਰਾ ਪ੍ਰੀਮੀਅਮ ਸੂਬਾ ਸਰਕਾਰ ਵੱਲੋਂ ਭੁਗਤਾਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ 20 ਲੱਖ ਰੁਪਏ ਤਕ ਦਾ ਬੀਮਾ ਕਰਵਾਉਣ ਦੇ ਇਛੁੱਕ ਪੱਤਰਕਾਰਾਂ ਦੀ ਕੁੱਲ ਪ੍ਰੀਮੀਅਮ ਰਕਮ ਦਾ 50 ਫੀਸਦੀ ਭੁਗਤਾਨ ਸੂਬਾ ਸਰਕਾਰ ਵੱਲੋਂ ਕੀਤਾ ਜਾਵੇਗਾ।